ਅਮਰੀਕਾ ਅਤੇ ਚੀਨ 30-30 ਅਰਬ ਡਾਲਰ ਦੇ ਸਾਮਾਨ ’ਤੇ ਟੈਰਿਫ਼ ਰਾਹਤ ਲਈ ਸਹਿਮਤ, ਏਆਈ ਬਾਰੇ ਗੱਲਬਾਤ ਵੀ ਹੋਵੇਗੀ
Read in English
ਅਮਰੀਕਾ ਅਤੇ ਚੀਨ ਦੋਵਾਂ ਪਾਸਿਆਂ ਤੋਂ 30-30 ਅਰਬ ਡਾਲਰ ਦੇ ਗ਼ੈਰ-ਸੰਵੇਦਨਸ਼ੀਲ ਸਾਮਾਨ ’ਤੇ ਵਧੇਰੇ ਅਨੁਕੂਲ ਟੈਰਿਫ਼ ਦੀਆਂ ਸਿਫ਼ਾਰਸ਼ਾਂ ’ਤੇ ਸਹਿਮਤ ਹੋ ਗਏ ਹਨ। ਵ੍ਹਾਈਟ ਹਾਊਸ ਅਨੁਸਾਰ ਇਹ ਸਹਿਮਤੀ ਪਿਛਲੇ ਹਫ਼ਤੇ ਵਾਸ਼ਿੰਗਟਨ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਚਾਲੇ ਹੋਏ ਤਿੰਨ ਦਿਨਾਂ ਸਿਖਰ ਸੰਮੇਲਨ ਦੌਰਾਨ ਬਣੀ।
ਅਮਰੀਕਾ ਤੋਂ ਹੋਣ ਵਾਲੀ ਬਰਾਮਦ ਵਿੱਚ ਖੇਤੀਬਾੜੀ ਉਤਪਾਦ, ਸਮੁੰਦਰੀ ਭੋਜਨ, ਲੱਕੜ ਦੇ ਉਤਪਾਦ ਅਤੇ ਕਾਸਮੈਟਿਕਸ ਸ਼ਾਮਲ ਹਨ, ਜਦਕਿ ਚੀਨ ਤੋਂ ਅਮਰੀਕਾ ਆਉਣ ਵਾਲੇ ਸਾਮਾਨ ਵਿੱਚ ਛੋਟੇ ਘਰੇਲੂ ਉਪਕਰਨ, ਖਿਡੌਣੇ ਅਤੇ ਤਿਉਹਾਰਾਂ ਦੀ ਸਜਾਵਟ ਦਾ ਸਾਮਾਨ ਸ਼ਾਮਲ ਹੈ।
ਇਹ ਸਹਿਮਤੀ ਅਮਰੀਕਾ-ਚੀਨ ਬੋਰਡ ਆਫ਼ ਟਰੇਡ ਤਹਿਤ ਬਣੀ, ਜਿਸ ਦਾ ਗਠਨ ਦੋਵਾਂ ਦੇਸ਼ਾਂ ਨੇ ਮਈ 2026 ਵਿੱਚ ਬੀਜਿੰਗ ਵਿਖੇ ਹੋਏ ਸੰਮੇਲਨ ਦੌਰਾਨ ਕੀਤਾ ਸੀ ਅਤੇ ਹੁਣ ਇਸ ਨੂੰ ਕਾਰਜਸ਼ੀਲ ਕਰ ਦਿੱਤਾ ਗਿਆ ਹੈ।
ਦੋਵੇਂ ਦੇਸ਼ ਉੱਨਤ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਖ਼ਤਰਿਆਂ ਅਤੇ ਲਾਭਾਂ ਬਾਰੇ ਗੱਲਬਾਤ ਸ਼ੁਰੂ ਕਰਨ ’ਤੇ ਵੀ ਸਹਿਮਤ ਹੋਏ ਹਨ, ਜਿਸ ਦਾ ਅਗਲਾ ਦੌਰ ਨਵੰਬਰ ਤੱਕ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਏਆਈ ਨਾਲ ਜੁੜੀਆਂ ਘਟਨਾਵਾਂ ਬਾਰੇ ਆਪਸੀ ਸੰਪਰਕ ਲਈ ਇੱਕ ਚੈਨਲ ਵੀ ਬਣਾਇਆ ਜਾਵੇਗਾ।
