ਨਵੇਂ ਚਿਹਰਿਆਂ ਦੀ ‘ਸੈਯਾਰਾ’ ਨੇ ਤੋੜੇ ਰਿਕਾਰਡ: ਦੁਨੀਆ ਭਰ ’ਚ 500 ਕਰੋੜ ਤੋਂ ਪਾਰ, ਅੰਮ੍ਰਿਤਸਰ ਦੀ ਅਨੀਤ ਪੱਡਾ ਛਾਈ
Read in English
ਨਵੇਂ ਕਲਾਕਾਰਾਂ ਅਹਾਨ ਪਾਂਡੇ ਅਤੇ ਅਨੀਤ ਪੱਡਾ ਦੀ ਫ਼ਿਲਮ ‘ਸੈਯਾਰਾ’ ਨੇ ਦੁਨੀਆ ਭਰ ਦੇ ਬਾਕਸ ਆਫ਼ਿਸ ’ਤੇ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਮੋਹਿਤ ਸੂਰੀ ਦੀ ਨਿਰਦੇਸ਼ਤ ਇਹ ਫ਼ਿਲਮ 18 ਜੁਲਾਈ ਨੂੰ ਰਿਲੀਜ਼ ਹੋਈ ਸੀ।
ਪੀਟੀਆਈ ਮੁਤਾਬਕ ਫ਼ਿਲਮ ਨੇ ਭਾਰਤ ਵਿੱਚ 308 ਕਰੋੜ ਰੁਪਏ (ਨੈੱਟ) ਕਮਾਏ ਹਨ ਅਤੇ ਵਿਦੇਸ਼ਾਂ ਤੋਂ ਹੋਈ ਕਮਾਈ ਮਿਲਾ ਕੇ ਇਸ ਦੀ ਕੁੱਲ ਆਲਮੀ ਕਮਾਈ 507 ਕਰੋੜ ਰੁਪਏ ਹੋ ਗਈ ਹੈ।
ਨਿਰਮਾਤਾ ਕੰਪਨੀ ਯਸ਼ ਰਾਜ ਫ਼ਿਲਮਜ਼ ਨੇ ਇਸ ਨੂੰ ਭਾਰਤੀ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪ੍ਰੇਮ ਕਹਾਣੀ ਦੱਸਿਆ ਹੈ।
ਫ਼ਿਲਮ ਵਿੱਚ ਦੋਵੇਂ ਮੁੱਖ ਕਲਾਕਾਰ ਗਾਇਕ-ਗੀਤਕਾਰ ਜੋੜੀ ਦੀ ਭੂਮਿਕਾ ਵਿੱਚ ਹਨ, ਜਿਨ੍ਹਾਂ ਨੂੰ ਪਿਆਰ ਹੋ ਜਾਂਦਾ ਹੈ। ਫ਼ਿਲਮ ਦੀ ਕਹਾਣੀ, ਸੰਗੀਤ ਅਤੇ ਦੋਵਾਂ ਨਵੇਂ ਕਲਾਕਾਰਾਂ ਦੀ ਅਦਾਕਾਰੀ ਦੀ ਖ਼ੂਬ ਤਾਰੀਫ਼ ਹੋਈ।
ਮੁੱਖ ਅਦਾਕਾਰਾ ਅਨੀਤ ਪੱਡਾ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ ਹੈ। ਬਤੌਰ ਹੀਰੋਇਨ ਪਹਿਲੀ ਹੀ ਫ਼ਿਲਮ ਵਿੱਚ ਮਿਲੀ ਇਸ ਵੱਡੀ ਸਫਲਤਾ ਨੇ ਉਨ੍ਹਾਂ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ ਹੈ।
