ਆਪ੍ਰੇਸ਼ਨ ਸਿੰਦੂਰ: ਪਹਿਲਗਾਮ ਹਮਲੇ ਦਾ ਜਵਾਬ, ਪੰਜਾਬ ’ਚ ਬਲੈਕਆਊਟ ਤੇ ਡਰੋਨ; ਹੁਣ ਗੋਲੀਬੰਦੀ ’ਤੇ ਸਹਿਮਤੀ
Read in English
ਭਾਰਤ ਅਤੇ ਪਾਕਿਸਤਾਨ ਨੇ ਸ਼ਨੀਵਾਰ, 10 ਮਈ ਨੂੰ ਸ਼ਾਮ 5 ਵਜੇ ਤੋਂ ਜ਼ਮੀਨ, ਹਵਾ ਅਤੇ ਸਮੁੰਦਰ ਵਿੱਚ ਹਰ ਤਰ੍ਹਾਂ ਦੀ ਗੋਲੀਬਾਰੀ ਅਤੇ ਫ਼ੌਜੀ ਕਾਰਵਾਈ ਰੋਕਣ ’ਤੇ ਸਹਿਮਤੀ ਦਿੱਤੀ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਦੱਸਿਆ ਕਿ ਪਾਕਿਸਤਾਨ ਦੇ ਡੀਜੀਐੱਮਓ ਨੇ ਦੁਪਹਿਰ 3:35 ਵਜੇ ਭਾਰਤੀ ਡੀਜੀਐੱਮਓ ਨੂੰ ਫ਼ੋਨ ਕੀਤਾ ਸੀ।
ਇਹ ਟਕਰਾਅ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸ਼ੁਰੂ ਹੋਇਆ, ਜਿਸ ਵਿੱਚ 25 ਭਾਰਤੀ ਸੈਲਾਨੀਆਂ ਅਤੇ ਇੱਕ ਨੇਪਾਲੀ ਨਾਗਰਿਕ ਦੀ ਜਾਨ ਗਈ ਸੀ।
ਜਵਾਬ ਵਿੱਚ ਭਾਰਤ ਨੇ 7 ਮਈ ਦੀ ਰਾਤ 1:05 ਤੋਂ 1:30 ਵਜੇ ਦਰਮਿਆਨ ‘ਆਪ੍ਰੇਸ਼ਨ ਸਿੰਦੂਰ’ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਨੌਂ ਅੱਤਵਾਦੀ ਟਿਕਾਣਿਆਂ ’ਤੇ ਹਮਲੇ ਕੀਤੇ। ਕਰਨਲ ਸੋਫ਼ੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਦੇਸ਼ ਨੂੰ ਇਸ ਕਾਰਵਾਈ ਦੀ ਜਾਣਕਾਰੀ ਦਿੱਤੀ।
ਇਸ ਮਗਰੋਂ ਪਾਕਿਸਤਾਨ ਵੱਲੋਂ ਡਰੋਨ ਅਤੇ ਮਿਜ਼ਾਈਲਾਂ ਦਾਗ਼ੀਆਂ ਗਈਆਂ ਅਤੇ ਪੰਜਾਬ ਸਰਹੱਦ ਦੀ ਸਭ ਤੋਂ ਨੇੜਲੀ ਕਤਾਰ ਵਿੱਚ ਆ ਗਿਆ। ਫ਼ਿਰੋਜ਼ਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਸਮੇਤ ਕਈ ਸ਼ਹਿਰਾਂ ਵਿੱਚ ਬਲੈਕਆਊਟ ਕੀਤਾ ਗਿਆ ਅਤੇ ਫ਼ੌਜ ਨੇ ਅੰਮ੍ਰਿਤਸਰ ਵਿੱਚ ਪਾਕਿਸਤਾਨੀ ਡਰੋਨ ਤਬਾਹ ਕੀਤੇ।
ਗੋਲੀਬੰਦੀ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੀ ਕਈ ਥਾਵਾਂ ’ਤੇ ਡਰੋਨ ਦਿਸਣ ਦੀਆਂ ਖ਼ਬਰਾਂ ਆਈਆਂ ਅਤੇ ਭਾਰਤ ਨੇ ਕਿਹਾ ਕਿ ਪਾਕਿਸਤਾਨ ਨੇ ਸਮਝੌਤੇ ਦੀ ਉਲੰਘਣਾ ਕੀਤੀ ਹੈ। ਦੋਵਾਂ ਦੇਸ਼ਾਂ ਦੇ ਡੀਜੀਐੱਮਓ 12 ਮਈ ਨੂੰ ਮੁੜ ਗੱਲਬਾਤ ਕਰਨਗੇ।
