ਪੰਜਾਬੀ ਮੂਲ ਦੇ ਅੰਗਦ ਸਿੰਘ ਢਿੱਲੋਂ ਯੂਏਈ ਵਿੱਚ ਕੈਨੇਡਾ ਦੇ ਰਾਜਦੂਤ ਨਿਯੁਕਤ
Read in English
ਕੈਨੇਡਾ ਨੇ ਪੰਜਾਬੀ ਮੂਲ ਦੇ ਅੰਗਦ ਸਿੰਘ ਢਿੱਲੋਂ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਆਪਣਾ ਰਾਜਦੂਤ ਨਿਯੁਕਤ ਕੀਤਾ ਹੈ।
ਇਸ ਨਿਯੁਕਤੀ ਦਾ ਐਲਾਨ 25 ਸਤੰਬਰ ਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕੀਤਾ। ਢਿੱਲੋਂ ਯੂਏਈ ਵਿੱਚ ਕੈਨੇਡਾ ਦੇ ਰਾਜਦੂਤ ਵਜੋਂ ਰਾਧਾ ਕ੍ਰਿਸ਼ਨ ਪਾਂਡੇ ਦੀ ਥਾਂ ਲੈਣਗੇ।
ਅੰਗਦ ਸਿੰਘ ਢਿੱਲੋਂ ਦੀਆਂ ਪਰਿਵਾਰਕ ਜੜ੍ਹਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘੁੰਗਰਾਣਾ ਨਾਲ ਜੁੜੀਆਂ ਹਨ। ਹਾਲ ਹੀ ਵਿੱਚ ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ ਵਿੱਚ ਡਾਇਰੈਕਟਰ ਆਫ਼ ਆਪਰੇਸ਼ਨਜ਼ ਐਂਡ ਸਟੇਕਹੋਲਡਰ ਰਿਲੇਸ਼ਨਜ਼ ਵਜੋਂ ਸੇਵਾਵਾਂ ਨਿਭਾ ਰਹੇ ਸਨ।
ਇਸ ਤੋਂ ਪਹਿਲਾਂ ਉਹ ਛੋਟੇ ਕਾਰੋਬਾਰ ਅਤੇ ਟਰਾਂਸਪੋਰਟ ਵਿਭਾਗਾਂ ਨਾਲ ਜੁੜੇ ਦੋ ਸੰਘੀ ਕੈਬਨਿਟ ਮੰਤਰੀਆਂ ਦੇ ਚੀਫ਼ ਆਫ਼ ਸਟਾਫ਼ ਰਹਿ ਚੁੱਕੇ ਹਨ ਅਤੇ ਜੀ-7, ਜੀ-20 ਅਤੇ ਸੰਯੁਕਤ ਰਾਸ਼ਟਰ ਮਹਾਂਸਭਾ ਵਰਗੇ ਮੰਚਾਂ ’ਤੇ ਕੈਨੇਡਾ ਦੀ ਸ਼ਮੂਲੀਅਤ ਨਾਲ ਜੁੜੇ ਰਹੇ ਹਨ।
ਇਹ ਨਿਯੁਕਤੀ ਕੈਨੇਡਾ ਦੇ ਵਿਦੇਸ਼ ਮੰਤਰਾਲੇ ਵੱਲੋਂ ਐਲਾਨੀਆਂ ਗਈਆਂ ਕਈ ਕੂਟਨੀਤਕ ਨਿਯੁਕਤੀਆਂ ਦਾ ਹਿੱਸਾ ਹੈ।
