ਭਾਰਤੀ ਸਾਮਾਨ ’ਤੇ ਅਮਰੀਕਾ ਦਾ 50 ਫ਼ੀਸਦੀ ਟੈਰਿਫ਼ ਲਾਗੂ, ਕੱਪੜਾ, ਗਹਿਣੇ ਅਤੇ ਝੀਂਗਾ ਬਰਾਮਦ ’ਤੇ ਮਾਰ
Read in English
ਅਮਰੀਕਾ ਵੱਲੋਂ ਭਾਰਤੀ ਸਾਮਾਨ ’ਤੇ ਲਾਇਆ 50 ਫ਼ੀਸਦੀ ਟੈਰਿਫ਼ (ਦਰਾਮਦ ਡਿਊਟੀ) ਬੁੱਧਵਾਰ, 27 ਅਗਸਤ ਤੋਂ ਲਾਗੂ ਹੋ ਗਿਆ। ਇਸ ਨਾਲ ਅਰਬਾਂ ਡਾਲਰ ਦੇ ਵਪਾਰ ’ਤੇ ਅਸਰ ਪੈਣ ਦਾ ਖ਼ਦਸ਼ਾ ਹੈ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਪਹਿਲਾਂ ਭਾਰਤ ’ਤੇ 25 ਫ਼ੀਸਦੀ ਟੈਰਿਫ਼ ਲਾਇਆ ਸੀ। ਇੱਕ ਹਫ਼ਤੇ ਬਾਅਦ ਭਾਰਤ ਵੱਲੋਂ ਰੂਸੀ ਤੇਲ ਖ਼ਰੀਦਣ ਦਾ ਹਵਾਲਾ ਦੇ ਕੇ 25 ਫ਼ੀਸਦੀ ਹੋਰ ਟੈਰਿਫ਼ ਲਾ ਦਿੱਤਾ ਗਿਆ।
ਸਭ ਤੋਂ ਵੱਧ ਮਾਰ ਕਿਰਤ ਆਧਾਰਤ ਖੇਤਰਾਂ ’ਤੇ ਪੈਣ ਦਾ ਡਰ ਹੈ। ਇਨ੍ਹਾਂ ਵਿੱਚ ਕੱਪੜਾ ਤੇ ਰੈਡੀਮੇਡ ਕੱਪੜੇ, ਗਹਿਣੇ ਤੇ ਹੀਰੇ, ਝੀਂਗਾ, ਚਮੜਾ, ਜੁੱਤੀਆਂ, ਫ਼ਰਨੀਚਰ ਅਤੇ ਰਸਾਇਣ ਸ਼ਾਮਲ ਹਨ।
ਅਮਰੀਕਾ ਨੂੰ ਹੁੰਦੀ ਲਗਭਗ 86 ਅਰਬ ਡਾਲਰ ਦੀ ਭਾਰਤੀ ਬਰਾਮਦ ਵਿੱਚੋਂ ਅੱਧੇ ਤੋਂ ਵੱਧ ’ਤੇ ਇਸ ਦਾ ਅਸਰ ਪਵੇਗਾ। ਦਵਾਈਆਂ ਅਤੇ ਇਲੈਕਟ੍ਰਾਨਿਕਸ ਵਰਗੀਆਂ ਵਸਤਾਂ ਨੂੰ ਫ਼ਿਲਹਾਲ ਇਸ ਤੋਂ ਛੋਟ ਹੈ।
ਭਾਰਤ ਸਰਕਾਰ ਨੇ ਵਾਧੂ ਟੈਰਿਫ਼ ਨੂੰ ‘ਬੇਇਨਸਾਫ਼ੀ ਭਰਿਆ, ਨਾਜਾਇਜ਼ ਅਤੇ ਗ਼ੈਰ-ਵਾਜਬ’ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਆਪਣੇ ਕੌਮੀ ਹਿੱਤਾਂ ਦੀ ਰਾਖੀ ਲਈ ਲੋੜੀਂਦੇ ਕਦਮ ਚੁੱਕੇਗੀ।
