ਸ਼ੁਭਾਂਸ਼ੂ ਸ਼ੁਕਲਾ ਦੀ ਧਰਤੀ ’ਤੇ ਵਾਪਸੀ: ਪੁਲਾੜ ਸਟੇਸ਼ਨ ’ਤੇ 18 ਦਿਨ ਬਿਤਾ ਕੇ ਰਚਿਆ ਇਤਿਹਾਸ
Read in English
ਭਾਰਤੀ ਹਵਾਈ ਫ਼ੌਜ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਮੰਗਲਵਾਰ, 15 ਜੁਲਾਈ ਨੂੰ ਸੁਰੱਖਿਅਤ ਧਰਤੀ ’ਤੇ ਪਰਤ ਆਏ। ਐਕਸੀਓਮ-4 ਮਿਸ਼ਨ ਦਾ ਸਪੇਸਐਕਸ ਡ੍ਰੈਗਨ ਯਾਨ ‘ਗ੍ਰੇਸ’ ਭਾਰਤੀ ਸਮੇਂ ਮੁਤਾਬਕ ਦੁਪਹਿਰ 3:01 ਵਜੇ ਕੈਲੀਫ਼ੋਰਨੀਆ ਦੇ ਸੈਨ ਡਿਏਗੋ ਨੇੜੇ ਸ਼ਾਂਤ ਮਹਾਂਸਾਗਰ ਵਿੱਚ ਉਤਰਿਆ।
ਸ਼ੁਕਲਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਜਾਣ ਵਾਲੇ ਪਹਿਲੇ ਭਾਰਤੀ ਹਨ। 1984 ਵਿੱਚ ਰਾਕੇਸ਼ ਸ਼ਰਮਾ ਤੋਂ ਬਾਅਦ ਉਹ ਪੁਲਾੜ ਵਿੱਚ ਜਾਣ ਵਾਲੇ ਦੂਜੇ ਭਾਰਤੀ ਬਣੇ ਹਨ।
ਇਹ ਮਿਸ਼ਨ 25 ਜੂਨ ਨੂੰ ਫ਼ਲੋਰਿਡਾ ਦੇ ਨਾਸਾ ਕੈਨੇਡੀ ਸਪੇਸ ਸੈਂਟਰ ਤੋਂ ਫ਼ਾਲਕਨ 9 ਰਾਕੇਟ ਰਾਹੀਂ ਰਵਾਨਾ ਹੋਇਆ ਸੀ। ਕਈ ਵਾਰ ਟਲਣ ਮਗਰੋਂ ਹੋਈ ਇਸ ਉਡਾਣ ਤੋਂ ਅਗਲੇ ਦਿਨ ਯਾਨ ਪੁਲਾੜ ਸਟੇਸ਼ਨ ਨਾਲ ਜੁੜ ਗਿਆ।
ਲਖਨਊ ਦੇ ਜੰਮਪਲ ਸ਼ੁਕਲਾ ਨੇ ਪੁਲਾੜ ਸਟੇਸ਼ਨ ’ਤੇ 18 ਦਿਨ ਬਿਤਾਏ। ਇਹ ਨਿੱਜੀ ਪੁਲਾੜ ਉਡਾਣ ਐਕਸੀਓਮ ਸਪੇਸ ਨੇ ਇਸਰੋ ਅਤੇ ਨਾਸਾ ਦੇ ਸਹਿਯੋਗ ਨਾਲ ਕੀਤੀ।
ਵਾਪਸੀ ਦਾ ਸਫ਼ਰ 14 ਜੁਲਾਈ ਨੂੰ ਸ਼ੁਰੂ ਹੋਇਆ ਅਤੇ ਕਰੀਬ 22.5 ਘੰਟੇ ਚੱਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਲਾ ਦਾ ਧਰਤੀ ’ਤੇ ਸਵਾਗਤ ਕੀਤਾ।
