‘ਚਾਵਲਾ ਕਾਂਡ’ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਪ੍ਰਧਾਨ ਧਾਮੀ ਤੁਰੰਤ ਅਸਤੀਫ਼ਾ ਦੇਣ: ਭਾਈ ਗੁਰਪ੍ਰੀਤ ਸਿੰਘ

ਬਟਾਲਾ: ‘ਚਾਵਲਾ ਕਾਂਡ’ ਨੂੰ ਲੈ ਕੇ ਧਰਮ ਯੁੱਧ ਮੋਰਚਾ ਬਟਾਲਾ ਵੱਲੋਂ ਸ਼ਹਿਰ ਵਿੱਚ ਖਾਲਸਾ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਧਰਮ ਯੁੱਧ ਮੋਰਚਾ ਬਟਾਲਾ ਦੇ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਅਸਤੀਫ਼ੇ ਦੀ ਮੰਗ ਕੀਤੀ।
ਭਾਈ ਗੁਰਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਸੰਗਤਾਂ ਸਾਹਮਣੇ ਅਧੂਰਾ ਸੱਚ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ‘ਚਾਵਲਾ ਕਾਂਡ’ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਹਰਜਿੰਦਰ ਸਿੰਘ ਧਾਮੀ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨਾਲ ਤਲਖ਼ੀ ਵਾਲੇ ਲਹਿਜ਼ੇ ਵਿੱਚ ਗੱਲ ਕਰਨਾ ਉਨ੍ਹਾਂ ਦੀ ਬੁਖਲਾਹਟ ਨੂੰ ਦਰਸਾਉਂਦਾ ਹੈ। ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਨਾਲ ਜੁੜੇ ਇਸ ਮਾਮਲੇ ਵਿੱਚ ਦਰਜ ਐਫ਼.ਆਈ.ਆਰ. ਨੇ ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ।
ਸੰਗਤਾਂ ਦੇ ਰੋਸ ਨੂੰ ਪ੍ਰਗਟ ਕਰਨ ਲਈ ਧਰਮ ਯੁੱਧ ਮੋਰਚਾ ਬਟਾਲਾ ਵੱਲੋਂ ਖਾਲਸਾ ਰੋਸ ਮਾਰਚ ਕੱਢਿਆ ਗਿਆ। ਮਾਰਚ ਦੌਰਾਨ ਇਲਾਕੇ ਦੀਆਂ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਇਸ ਦਾ ਸਵਾਗਤ ਕੀਤਾ ਗਿਆ ਅਤੇ ਧਰਮ ਯੁੱਧ ਮੋਰਚੇ ਨਾਲ ਡਟ ਕੇ ਖੜ੍ਹਨ ਦਾ ਐਲਾਨ ਕੀਤਾ ਗਿਆ।
ਭਾਈ ਗੁਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਕਥਿਤ ਨਿਘਾਰ ਦਾ ਇੱਕ ਵੱਡਾ ਕਾਰਨ ਪਿਛਲੇ ਲੰਮੇ ਸਮੇਂ ਤੋਂ ਚੋਣਾਂ ਨਾ ਹੋਣਾ ਹੈ। ਉਨ੍ਹਾਂ ਕਿਹਾ ਕਿ ਇਸੇ ਮੰਗ ਨੂੰ ਲੈ ਕੇ ਬਟਾਲਾ ਵਿਖੇ 27 ਸਤੰਬਰ ਤੋਂ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕਰੇ, ਜਦਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ। ਭਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦਿੱਤੇ ਮੰਗ ਪੱਤਰ ’ਤੇ ਸਰਕਾਰ ਵੱਲੋਂ ਦਿੱਤੇ ਭਰੋਸੇ ਨੂੰ ਉਹ ਸਾਰਥਕ ਕਦਮ ਮੰਨਦੇ ਹਨ।
ਇਸ ਮੌਕੇ ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ, ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸਕੂਲਾਂ ਦੀ ਸਾਂਝੀ ਨੁਮਾਇੰਦਾ ਸੰਸਥਾ ਸੁਪਰੀਮ ਸਿੱਖ ਕੌਂਸਲ ਯੂਕੇ ਵੱਲੋਂ ਵੀ ਧਰਮ ਯੁੱਧ ਮੋਰਚੇ ਨਾਲ ਡਟ ਕੇ ਖੜ੍ਹਨ ਦਾ ਐਲਾਨ ਕੀਤਾ ਗਿਆ।
ਰੋਸ ਮਾਰਚ ਦੌਰਾਨ ਗੱਡੀਆਂ ਵਿੱਚ ਤੇਲ ਪਾਉਣ ਦੀ ਸੇਵਾ ਬਾਬਾ ਬਲਦੇਵ ਸਿੰਘ, ਜਥੇਦਾਰ ਅੰਮ੍ਰਿਤ ਸੰਚਾਰ ਜਥਾ ਯੂਕੇ-ਯੂਰਪ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਗਈ।
ਇਸ ਮੌਕੇ ਬਾਬਾ ਗੁਰਦੀਪ ਸਿੰਘ ਭੁੱਲਰ, ਭਾਈ ਨਿਸ਼ਾਨ ਸਿੰਘ ਸਿਆਲਕਾ ਸਤਿਕਾਰ ਕਮੇਟੀ, ਬਾਬਾ ਪਰਮਬੀਰ ਸਿੰਘ ਪ੍ਰਤਾਪਗੜ੍ਹੀਏ, ਬਾਬਾ ਮਨਜੀਤ ਸਿੰਘ, ਭਾਈ ਗੁਰਨਾਮ ਸਿੰਘ ਬਟਾਲਾ ਸਤਿਕਾਰ ਕਮੇਟੀ, ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਸ਼ਾਹਪੁਰ, ਭਾਈ ਕੁਲਵਿੰਦਰ ਸਿੰਘ ਗੌਂਸਪੁਰਾ, ਡਾ. ਬਲਜੀਤ ਸਿੰਘ ਧਾਰੋਵਾਲੀ, ਭਾਈ ਬਲਵਿੰਦਰ ਸਿੰਘ ਪੱਖੋਕੇ, ਗੁਰਬਚਨ ਸਿੰਘ ਪਵਾਰ, ਜ਼ਿਲ੍ਹਾ ਪ੍ਰਧਾਨ ਮਾਨ ਦਲ, ਸਰਦਾਰ ਮਨਬੀਰ ਸਿੰਘ ਰੰਧਾਵਾ, ਭਾਈ ਗੁਰਦੀਪ ਸਿੰਘ ਭੋਗਪੁਰ, ਭਾਈ ਕਮਲਜੀਤ ਸਿੰਘ ਬਿਜਲੀਵਾਲ, ਸਰਦਾਰ ਖੁਸ਼ਕਰਨ ਸਿੰਘ ਵਾਰਿਸ ਪੰਜਾਬ ਬਟਾਲਾ, ਭਾਈ ਬਲਜੀਤ ਪਾਲ ਸਿੰਘ ਅਕਾਲ ਪੁਰਖ ਕੀ ਫੌਜ ਗੁਰਦਾਸਪੁਰ, ਭਾਈ ਕੇਵਲ ਸਿੰਘ ਕੰਗ ਪਠਾਨਕੋਟ, ਭਾਈ ਲੱਜਾ ਸਿੰਘ ਵਾਰਿਸ ਪੰਜਾਬ ਸੰਗਰੂਰ, ਭਾਈ ਮਹਿੰਦਰ ਸਿੰਘ ਸੁਚਾਨੀਆ, ਸੰਤ ਬਾਬਾ ਹਜ਼ਾਰਾ ਸਿੰਘ ਗ੍ਰੰਥੀ ਸਭਾ, ਭਾਈ ਸ਼ਮਸ਼ੇਰ ਸਿੰਘ ਚੈਨੇਵਾਲ, ਭਾਈ ਕਿਰਪਾਲ ਸਿੰਘ ਪਾਲ, ਗਿਆਨੀ ਭੁਪਿੰਦਰ ਸਿੰਘ, ਭਾਈ ਸੁਰਜੀਤ ਸਿੰਘ ਚੂਹੇਵਾਲ, ਗੁਰਜਿੰਦਰ ਸਿੰਘ, ਭਾਈ ਰਵਿੰਦਰ ਸਿੰਘ, ਭਾਈ ਨਵਰੂਪ ਸਿੰਘ ਗੁਰਦਾਸਪੁਰ, ਭਾਈ ਮਨਜੀਤ ਸਿੰਘ, ਭਾਈ ਮਹਿੰਦਰ ਸਿੰਘ, ਭਾਈ ਰਣਜੀਤ ਸਿੰਘ, ਭਾਈ ਸ਼ਰਮਜੀਤ ਸਿੰਘ, ਬਾਬਾ ਸਤਨਾਮ ਸਿੰਘ ਕਾਲੇਕਾ, ਮਹਾਕਾਲ ਸਲਵਿੰਦਰ ਸਿੰਘ ਖਾਲਸਾ, ਭਾਈ ਸਹਿਜਬੀਰ ਸਿੰਘ ਰੰਗੀਲਪੁਰ ਅਤੇ ਭਾਈ ਸਵਿੰਦਰ ਸਿੰਘ ਖਾਲਸਾ ਸਮੇਤ ਹੋਰ ਸੰਗਤਾਂ ਹਾਜ਼ਰ ਸਨ।
