‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਘੋੜਸਵਾਰੀ ਮੁਕਾਬਲਿਆਂ ਦਾ ਬਦਲਿਆ ਸ਼ਡਿਊਲ, ਹੁਣ ਇਸ ਤਰੀਕ ਤੋਂ ਹੋਣਗੇ ਮੁਕਾਬਲੇ

ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਕਰਵਾਏ ਜਾਣ ਵਾਲੇ ਰਾਜ ਪੱਧਰੀ ਘੋੜਸਵਾਰੀ ਮੁਕਾਬਲਿਆਂ ਦੇ ਸ਼ਡਿਊਲ ਵਿੱਚ ਤਬਦੀਲੀ ਕੀਤੀ ਗਈ ਹੈ। ਹੁਣ ਇਹ ਮੁਕਾਬਲੇ ਪਹਿਲਾਂ ਤੈਅ ਕੀਤੀਆਂ ਤਰੀਕਾਂ ਦੀ ਬਜਾਏ 11 ਨਵੰਬਰ ਤੋਂ 13 ਨਵੰਬਰ 2026 ਤੱਕ ਕਰਵਾਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪਹਿਲਾਂ ਰਾਜ ਪੱਧਰੀ ਘੋੜਸਵਾਰੀ ਮੁਕਾਬਲੇ 17 ਨਵੰਬਰ ਤੋਂ 23 ਨਵੰਬਰ ਤੱਕ ਕਰਵਾਉਣ ਦਾ ਪ੍ਰੋਗਰਾਮ ਸੀ। ਪਰ ਹੁਣ ਇਨ੍ਹਾਂ ਦੀਆਂ ਤਰੀਕਾਂ ਵਿੱਚ ਸੋਧ ਕਰ ਦਿੱਤੀ ਗਈ ਹੈ।
ਬੁਲਾਰੇ ਅਨੁਸਾਰ, ਮੁਕਾਬਲਿਆਂ ਦੀਆਂ ਤਰੀਕਾਂ ਪਹਿਲਾਂ ਕਰਨ ਦਾ ਫ਼ੈਸਲਾ ਖਿਡਾਰੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਲਿਆ ਗਿਆ ਹੈ। ਦਰਅਸਲ, ਪੰਜਾਬ ਦੇ ਵੱਖ-ਵੱਖ ਪਬਲਿਕ ਅਤੇ ਸੈਨਿਕ ਸਕੂਲਾਂ ਦੇ ਵਿਦਿਆਰਥੀ ‘ਇੰਡੀਅਨ ਪਬਲਿਕ ਸਕੂਲਜ਼ ਘੋੜਸਵਾਰੀ ਚੈਂਪੀਅਨਸ਼ਿਪ’ ਵਿੱਚ ਹਿੱਸਾ ਲੈ ਰਹੇ ਹਨ। ਇਹ ਚੈਂਪੀਅਨਸ਼ਿਪ 18 ਨਵੰਬਰ ਤੋਂ 21 ਨਵੰਬਰ 2026 ਤੱਕ ਦਿ ਪੰਜਾਬ ਪਬਲਿਕ ਸਕੂਲ, ਨਾਭਾ ਵਿਖੇ ਹੋਣੀ ਹੈ।
ਅਜਿਹੇ ਵਿੱਚ ਵਿਦਿਆਰਥੀਆਂ ਨੂੰ ਦੋਵਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਦਾ ਮੌਕਾ ਦੇਣ ਅਤੇ ਰਾਜ ਪੱਧਰੀ ਟੂਰਨਾਮੈਂਟ ਵਿੱਚ ਉਨ੍ਹਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਨਵੀਆਂ ਤਰੀਕਾਂ ਤੈਅ ਕੀਤੀਆਂ ਗਈਆਂ ਹਨ।
ਨਵੇਂ ਸ਼ਡਿਊਲ ਮੁਤਾਬਕ ਰਾਜ ਪੱਧਰੀ ਘੋੜਸਵਾਰੀ ਮੁਕਾਬਲੇ ਹੁਣ 11 ਨਵੰਬਰ ਤੋਂ 13 ਨਵੰਬਰ 2026 ਤੱਕ ਪੀ.ਏ.ਪੀ. ਕੈਂਪਸ, ਜਲੰਧਰ ਵਿਖੇ ਕਰਵਾਏ ਜਾਣਗੇ। ਖੇਡ ਵਿਭਾਗ ਵੱਲੋਂ ਸਮੂਹ ਸਬੰਧਤ ਖਿਡਾਰੀਆਂ, ਕੋਚਾਂ ਅਤੇ ਅਧਿਕਾਰੀਆਂ ਨੂੰ ਨਵੇਂ ਸ਼ਡਿਊਲ ਅਨੁਸਾਰ ਆਪਣੀਆਂ ਤਿਆਰੀਆਂ ਕਰਨ ਦੀ ਅਪੀਲ ਕੀਤੀ ਗਈ ਹੈ।
