27 ਸਾਲਾਂ ਬਾਅਦ ਦਿੱਲੀ ’ਚ ਭਾਜਪਾ ਸਰਕਾਰ: ਰੇਖਾ ਗੁਪਤਾ ਨੇ ਮੁੱਖ ਮੰਤਰੀ ਵਜੋਂ ਹਲਫ਼ ਲਿਆ, ਸਿਰਸਾ ਵੀ ਮੰਤਰੀ
Read in English
ਭਾਜਪਾ ਦੀ ਰੇਖਾ ਗੁਪਤਾ ਨੇ ਵੀਰਵਾਰ, 20 ਫ਼ਰਵਰੀ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਉਨ੍ਹਾਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ।
ਉਨ੍ਹਾਂ ਨਾਲ ਛੇ ਕੈਬਨਿਟ ਮੰਤਰੀਆਂ ਪਰਵੇਸ਼ ਸਾਹਿਬ ਸਿੰਘ, ਆਸ਼ੀਸ਼ ਸੂਦ, ਮਨਜਿੰਦਰ ਸਿੰਘ ਸਿਰਸਾ, ਰਵਿੰਦਰ ਇੰਦਰਾਜ ਸਿੰਘ, ਕਪਿਲ ਮਿਸ਼ਰਾ ਅਤੇ ਪੰਕਜ ਕੁਮਾਰ ਸਿੰਘ ਨੇ ਵੀ ਹਲਫ਼ ਲਿਆ। ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਮੌਜੂਦ ਸਨ।
8 ਫ਼ਰਵਰੀ ਨੂੰ ਆਏ ਨਤੀਜਿਆਂ ਵਿੱਚ ਭਾਜਪਾ ਨੇ 70 ਮੈਂਬਰੀ ਵਿਧਾਨ ਸਭਾ ਦੀਆਂ 48 ਸੀਟਾਂ ਜਿੱਤ ਕੇ 27 ਸਾਲਾਂ ਬਾਅਦ ਦਿੱਲੀ ਦੀ ਸੱਤਾ ਵਿੱਚ ਵਾਪਸੀ ਕੀਤੀ। ਆਮ ਆਦਮੀ ਪਾਰਟੀ 22 ਸੀਟਾਂ ’ਤੇ ਸਿਮਟ ਗਈ ਅਤੇ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ੍ਹਿਆ।
‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ਤੋਂ ਭਾਜਪਾ ਦੇ ਪਰਵੇਸ਼ ਵਰਮਾ ਹੱਥੋਂ 4,089 ਵੋਟਾਂ ਨਾਲ ਹਾਰ ਗਏ। ਪੰਜਾਬ ਵਿੱਚ ‘ਆਪ’ ਦੀ ਸਰਕਾਰ ਹੋਣ ਕਾਰਨ ਇਸ ਨਤੀਜੇ ’ਤੇ ਪੰਜਾਬ ਵਿੱਚ ਵੀ ਨਜ਼ਰ ਰਹੀ।
ਸ਼ਾਲੀਮਾਰ ਬਾਗ਼ ਤੋਂ ਵਿਧਾਇਕ ਰੇਖਾ ਗੁਪਤਾ ਸੁਸ਼ਮਾ ਸਵਰਾਜ, ਸ਼ੀਲਾ ਦੀਕਸ਼ਿਤ ਅਤੇ ਆਤਿਸ਼ੀ ਤੋਂ ਬਾਅਦ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਬਣੇ ਹਨ।
