ਧਾਲੀਵਾਲ ਭਰਾਵਾਂ ਦੇ ਘਰ ਪਹੁੰਚੇ ਅਮਰੀਕੀ ਆਵਾਜਾਈ ਮੰਤਰੀ ਸ਼ੌਨ ਡਫੀ, ਪੰਜਾਬੀ ਟਰੱਕ ਡਰਾਈਵਰਾਂ ਦੇ ਮਸਲਿਆਂ ’ਤੇ ਹੋਈ ਚਰਚਾ

ਮਰੀਕੀ ਆਵਾਜਾਈ ਮੰਤਰੀ ਸ਼ੌਨ ਡਫੀ ਬੀਤੇ ਦਿਨੀਂ ਮਿਲਵਾਕੀ ਨੇੜੇ ਮੀਕਨ ਵਿਖੇ ਉੱਘੇ ਪੰਜਾਬੀ ਕਾਰੋਬਾਰੀ ਅਤੇ ਸਮਾਜ ਸੇਵੀ ਦਰਸ਼ਨ ਸਿੰਘ ਧਾਲੀਵਾਲ ਦੇ ਗ੍ਰਹਿ ਪਹੁੰਚੇ। ਇਸ ਮੌਕੇ ਦਰਸ਼ਨ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੇ ਛੋਟੇ ਭਰਾ ਚਰਨਜੀਤ ਸਿੰਘ ਧਾਲੀਵਾਲ ਨੇ ਸ਼ੌਨ ਡਫੀ ਦਾ ਨਿੱਘਾ ਸਵਾਗਤ ਕੀਤਾ।
ਮੁਲਾਕਾਤ ਦੌਰਾਨ ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰਾਂ, ਟਰਾਂਸਪੋਰਟ ਸੰਚਾਲਕਾਂ ਅਤੇ ਇਸ ਖੇਤਰ ਨਾਲ ਜੁੜੇ ਕਾਰੋਬਾਰੀਆਂ ਨੂੰ ਦਰਪੇਸ਼ ਵੱਖ-ਵੱਖ ਚੁਣੌਤੀਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਇਆ।
ਧਾਲੀਵਾਲ ਭਰਾਵਾਂ ਨੇ ਅਮਰੀਕੀ ਆਵਾਜਾਈ ਖੇਤਰ ਵਿੱਚ ਪੰਜਾਬੀ ਭਾਈਚਾਰੇ ਦੇ ਯੋਗਦਾਨ ਨੂੰ ਉਜਾਗਰ ਕਰਦਿਆਂ ਆਵਾਜਾਈ ਨਿਯਮਾਂ, ਕਾਰੋਬਾਰੀ ਸੰਚਾਲਨ ਅਤੇ ਟਰੱਕਿੰਗ ਨਾਲ ਜੁੜੀਆਂ ਵਿਹਾਰਕ ਮੁਸ਼ਕਲਾਂ ਮੰਤਰੀ ਦੇ ਧਿਆਨ ਵਿੱਚ ਲਿਆਂਦੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸਲਿਆਂ ਦੇ ਹੱਲ ਲਈ ਸਰਕਾਰ ਅਤੇ ਪੰਜਾਬੀ ਭਾਈਚਾਰੇ ਵਿਚਾਲੇ ਨਿਰੰਤਰ ਤੇ ਸਾਰਥਿਕ ਸੰਵਾਦ ਬੇਹੱਦ ਜ਼ਰੂਰੀ ਹੈ।
ਧਾਲੀਵਾਲ ਭਰਾਵਾਂ ਨੇ ਦੱਸਿਆ ਕਿ ਅਮਰੀਕਾ ਵਿੱਚ ਵੱਸਦੇ ਵੱਡੀ ਗਿਣਤੀ ਪੰਜਾਬੀ ਪਰਿਵਾਰਾਂ ਦੀ ਰੋਜ਼ੀ-ਰੋਟੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਟਰੱਕਿੰਗ ਅਤੇ ਆਵਾਜਾਈ ਖੇਤਰ ਨਾਲ ਜੁੜੀ ਹੋਈ ਹੈ। ਪੰਜਾਬੀ ਡਰਾਈਵਰਾਂ ਅਤੇ ਕਾਰੋਬਾਰੀਆਂ ਨੇ ਆਪਣੀ ਮਿਹਨਤ ਅਤੇ ਉੱਦਮ ਨਾਲ ਅਮਰੀਕੀ ਅਰਥਚਾਰੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਲਈ ਨੀਤੀ ਬਣਾਉਣ ਸਮੇਂ ਉਨ੍ਹਾਂ ਦੀਆਂ ਚਿੰਤਾਵਾਂ ਅਤੇ ਕਾਰੋਬਾਰੀ ਲੋੜਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ।
ਇਹ ਮੁਲਾਕਾਤ ਪੰਜਾਬ ਲਈ ਵੀ ਖਾਸ ਮਹੱਤਵ ਰੱਖਦੀ ਹੈ, ਕਿਉਂਕਿ ਪੰਜਾਬ ਦੇ ਬਹੁਤ ਸਾਰੇ ਪਰਿਵਾਰਾਂ ਦੇ ਮੈਂਬਰ ਅਮਰੀਕਾ ਵਿੱਚ ਟਰੱਕਿੰਗ ਦੇ ਕਿੱਤੇ ਨਾਲ ਜੁੜੇ ਹੋਏ ਹਨ। ਅਮਰੀਕੀ ਆਵਾਜਾਈ ਮੰਤਰੀ ਨਾਲ ਸਿੱਧੀ ਗੱਲਬਾਤ ਰਾਹੀਂ ਧਾਲੀਵਾਲ ਭਰਾਵਾਂ ਨੇ ਇਨ੍ਹਾਂ ਪੇਸ਼ੇਵਰਾਂ ਦੀਆਂ ਮੁਸ਼ਕਲਾਂ ਅਤੇ ਉਮੀਦਾਂ ਨੂੰ ਸਰਕਾਰ ਦੇ ਉੱਚ ਪੱਧਰ ਤੱਕ ਪਹੁੰਚਾਉਣ ਦਾ ਮੌਕਾ ਹਾਸਲ ਕੀਤਾ।
ਜ਼ਿਕਰਯੋਗ ਹੈ ਕਿ ਧਾਲੀਵਾਲ ਪਰਿਵਾਰ ਨੇ ਅਮਰੀਕਾ ਵਿੱਚ ਸੈਂਕੜੇ ਗੈਸ ਸਟੇਸ਼ਨਾਂ ਸਮੇਤ ਵੱਡਾ ਕਾਰੋਬਾਰੀ ਨੈੱਟਵਰਕ ਸਥਾਪਿਤ ਕੀਤਾ ਹੈ। ਕਾਰੋਬਾਰੀ ਸਫ਼ਲਤਾ ਦੇ ਨਾਲ-ਨਾਲ ਦਰਸ਼ਨ ਸਿੰਘ ਧਾਲੀਵਾਲ ਅਤੇ ਚਰਨਜੀਤ ਸਿੰਘ ਧਾਲੀਵਾਲ ਸਮਾਜ ਸੇਵਾ ਅਤੇ ਭਾਈਚਾਰਕ ਕਾਰਜਾਂ ਲਈ ਵੀ ਜਾਣੇ ਜਾਂਦੇ ਹਨ। ਪੰਜਾਬ ਅਤੇ ਪੰਜਾਬੀ ਭਾਈਚਾਰੇ ਨਾਲ ਉਨ੍ਹਾਂ ਦੀ ਸਾਂਝ ਵੱਖ-ਵੱਖ ਸਮਾਜਿਕ ਅਤੇ ਲੋਕ ਭਲਾਈ ਦੇ ਉਪਰਾਲਿਆਂ ਰਾਹੀਂ ਲਗਾਤਾਰ ਬਣੀ ਹੋਈ ਹੈ।
ਇਸੇ ਪਰਿਵਾਰ ਨਾਲ ਸਬੰਧਤ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸਮਾਣਾ ਵਿਧਾਨ ਸਭਾ ਹਲਕੇ ਦੇ ਇੰਚਾਰਜ ਸੁਰਜੀਤ ਸਿੰਘ ਰੱਖੜਾ ਵੀ ਜਨਤਕ ਜੀਵਨ ਵਿੱਚ ਸਰਗਰਮ ਹਨ।
ਸ਼ੌਨ ਡਫੀ ਨਾਲ ਧਾਲੀਵਾਲ ਭਰਾਵਾਂ ਦੀ ਇਹ ਮੁਲਾਕਾਤ ਪੰਜਾਬੀ ਟਰੱਕਿੰਗ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਅਮਰੀਕੀ ਪ੍ਰਸ਼ਾਸਨ ਦੇ ਉੱਚ ਪੱਧਰ ਤੱਕ ਪਹੁੰਚਾਉਣ ਦੇ ਪੱਖੋਂ ਅਹਿਮ ਮੰਨੀ ਜਾ ਰਹੀ ਹੈ। ਮੁਲਾਕਾਤ ਦੌਰਾਨ ਸਰਕਾਰ ਅਤੇ ਭਾਈਚਾਰੇ ਵਿਚਾਲੇ ਲਗਾਤਾਰ ਸੰਵਾਦ ਰਾਹੀਂ ਇਨ੍ਹਾਂ ਮਸਲਿਆਂ ਦੇ ਹੱਲ ਵੱਲ ਅੱਗੇ ਵਧਣ ’ਤੇ ਜ਼ੋਰ ਦਿੱਤਾ ਗਿਆ।
