₹30,000 ਰੁਪਏ ਰਿਸ਼ਵਤ ਲੈਂਦਾ ਸਬ-ਡਿਵੀਜ਼ਨਲ ਇੰਜੀਨੀਅਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਕਪੂਰਥਲਾ ਵਿਖੇ ਤਾਇਨਾਤ ਸਬ-ਡਿਵੀਜ਼ਨਲ ਇੰਜੀਨੀਅਰ (SDE) ਅਗਮਜੋਤ ਸਿੰਘ ਨੂੰ ₹30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਮੁਲਜ਼ਮ ’ਤੇ ਕੁੱਲ ₹1,25,000 ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ, ਮੁਲਜ਼ਮ ਅਧਿਕਾਰੀ ਵਿਰੁੱਧ ਸ਼ਿਕਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਸਬ-ਡਿਵੀਜ਼ਨ ਨੰਬਰ 2, ਕਪੂਰਥਲਾ ਵਿਖੇ ਤਾਇਨਾਤ ਇੱਕ ਸਬ-ਡਿਵੀਜ਼ਨਲ ਕਲਰਕ ਵੱਲੋਂ ਦਰਜ ਕਰਵਾਈ ਗਈ ਸੀ।
ਸ਼ਿਕਾਇਤਕਰਤਾ ਦਾ 5 ਅਕਤੂਬਰ 2026 ਨੂੰ ਪਿੰਡ ਚੱਕੋਕੀ, ਜ਼ਿਲ੍ਹਾ ਕਪੂਰਥਲਾ ਦੀ ਜਲ ਸਪਲਾਈ ਸਕੀਮ ਵਿਖੇ ਤਬਾਦਲਾ ਕੀਤਾ ਗਿਆ ਸੀ। ਘਰ ਤੋਂ ਤਾਇਨਾਤੀ ਵਾਲੀ ਥਾਂ ਦੀ ਦੂਰੀ ਜ਼ਿਆਦਾ ਹੋਣ ਕਾਰਨ ਉਸਨੇ ਆਪਣਾ ਤਬਾਦਲਾ ਰੱਦ ਜਾਂ ਰੋਕਣ ਲਈ SDE ਅਗਮਜੋਤ ਸਿੰਘ ਨੂੰ ਬੇਨਤੀ ਕੀਤੀ।
ਸ਼ਿਕਾਇਤ ਮੁਤਾਬਕ, ਸ਼ਿਕਾਇਤਕਰਤਾ ਦੇ ਸਾਥੀ ਕਰਮਚਾਰੀ ਅਤੇ ਫਿਟਰ ਹੈਲਪਰ ਅਮਰਿੰਦਰ ਸਿੰਘ ਨੇ ਉਸਨੂੰ ਦੱਸਿਆ ਕਿ ਤਬਾਦਲਾ ਰੋਕਣ ਲਈ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਅਮਰਿੰਦਰ ਸਿੰਘ ਨੇ ਫੋਨ ’ਤੇ ਅਗਮਜੋਤ ਸਿੰਘ ਨਾਲ ਸੰਪਰਕ ਕੀਤਾ, ਜਿਸ ਦੌਰਾਨ ਕਥਿਤ ਤੌਰ ’ਤੇ ₹1,25,000 ਰੁਪਏ ਦੀ ਰਿਸ਼ਵਤ ਮੰਗੀ ਗਈ। ਇਹ ਰਕਮ ਕਿਸ਼ਤਾਂ ਵਿੱਚ ਦੇਣੀ ਸੀ। ਗੱਲਬਾਤ ਦੀ ਰਿਕਾਰਡਿੰਗ ਵੀ ਮੋਬਾਈਲ ਫੋਨ ’ਤੇ ਕੀਤੀ ਗਈ ਸੀ।
ਰਿਸ਼ਵਤ ਦੇਣ ਤੋਂ ਇਨਕਾਰ ਕਰਦਿਆਂ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਨਾਲ ਸੰਪਰਕ ਕੀਤਾ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਵਿਜੀਲੈਂਸ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ SDE ਅਗਮਜੋਤ ਸਿੰਘ ਨੂੰ ₹30,000 ਰੁਪਏ ਰਿਸ਼ਵਤ ਦੀ ਪਹਿਲੀ ਕਿਸ਼ਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਮੌਕੇ ਤੋਂ ₹30,000 ਰੁਪਏ ਦੀ ਰਿਸ਼ਵਤ ਦੀ ਰਕਮ ਵੀ ਬਰਾਮਦ ਕਰ ਲਈ ਗਈ।
ਵਿਜੀਲੈਂਸ ਬਿਊਰੋ ਦੇ ਜਲੰਧਰ ਰੇਂਜ ਥਾਣੇ ਵਿੱਚ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
