ਕਿਸਾਨਾਂ ਦੇ ਵਿਰੋਧ ਅੱਗੇ ਝੁਕੀ ਸਰਕਾਰ, ਪੰਜਾਬ ਨੇ ਲੈਂਡ ਪੂਲਿੰਗ ਨੀਤੀ 2025 ਵਾਪਸ ਲਈ
Read in English
ਕਿਸਾਨਾਂ ਦੇ ਲਗਾਤਾਰ ਵਿਰੋਧ ਤੋਂ ਬਾਅਦ ਪੰਜਾਬ ਸਰਕਾਰ ਨੇ ਸੋਮਵਾਰ, 11 ਅਗਸਤ ਨੂੰ ਵਿਵਾਦਤ ਲੈਂਡ ਪੂਲਿੰਗ ਨੀਤੀ 2025 ਵਾਪਸ ਲੈ ਲਈ।
ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਕਿਹਾ ਕਿ 14 ਮਈ 2025 ਦੀ ਨੀਤੀ ਅਤੇ ਉਸ ਦੀਆਂ ਸਾਰੀਆਂ ਸੋਧਾਂ ਵਾਪਸ ਲਈਆਂ ਜਾਂਦੀਆਂ ਹਨ। ਇਸ ਤਹਿਤ ਜਾਰੀ ਹੋਏ ਇਰਾਦਾ ਪੱਤਰ (ਐੱਲਓਆਈ), ਰਜਿਸਟ੍ਰੇਸ਼ਨਾਂ ਅਤੇ ਹੋਰ ਸਾਰੀਆਂ ਕਾਰਵਾਈਆਂ ਵੀ ਰੱਦ ਹੋ ਜਾਣਗੀਆਂ।
ਇਸ ਨੀਤੀ ਤਹਿਤ ਸਰਕਾਰ ਨੇ ਸਨਅਤੀ ਅਤੇ ਰਿਹਾਇਸ਼ੀ ਵਿਕਾਸ ਲਈ 165 ਪਿੰਡਾਂ ਅਤੇ 27 ਸ਼ਹਿਰਾਂ ਵਿੱਚ ਲਗਭਗ 65,000 ਏਕੜ ਜ਼ਮੀਨ ਲੈਣ ਦੀ ਯੋਜਨਾ ਬਣਾਈ ਸੀ।
ਕਿਸਾਨ ਜਥੇਬੰਦੀਆਂ, ਖੇਤ ਮਜ਼ਦੂਰ ਅਤੇ ਵਿਰੋਧੀ ਪਾਰਟੀਆਂ ਇਸ ਦਾ ਸਖ਼ਤ ਵਿਰੋਧ ਕਰ ਰਹੀਆਂ ਸਨ। ਪਿੰਡਾਂ ਵਿੱਚ ਟਰੈਕਟਰ ਮਾਰਚ ਅਤੇ ਰੋਸ ਪ੍ਰਦਰਸ਼ਨ ਹੋ ਰਹੇ ਸਨ।
ਇਸ ਤੋਂ ਪਹਿਲਾਂ 7 ਅਗਸਤ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨੀਤੀ ’ਤੇ ਰੋਕ ਲਾ ਦਿੱਤੀ ਸੀ। ਅਦਾਲਤ ਨੇ ਕਿਹਾ ਸੀ ਕਿ ਸਰਕਾਰ ਨੇ ਸਮਾਜਿਕ ਅਤੇ ਵਾਤਾਵਰਣ ’ਤੇ ਅਸਰ ਦਾ ਮੁਲਾਂਕਣ ਨਹੀਂ ਕੀਤਾ ਸੀ।
