ਮਾਮੇ ਦੀ ਕੁੜੀ ਨਾਲ ਲਵ ਮੈਰਿਜ ਦੀ ਰੰਜਿਸ਼ 'ਚ 27 ਸਾਲਾ ਨੌਜਵਾਨ ਦਾ ਕਤਲ, ਘਰ 'ਚ ਵੜ ਕੇ ਚਲਾਈਆਂ ਗੋਲੀਆਂ

ਪਿੰਡ ਪੰਜਵੜ ਵਿੱਚ ਲਵ ਮੈਰਿਜ ਦੀ ਰੰਜਿਸ਼ ਨੂੰ ਲੈ ਕੇ ਇੱਕ 27 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ। ਇਸ ਗੋਲੀਬਾਰੀ ਵਿੱਚ ਉਸ ਦਾ ਪਿਤਾ ਕਸ਼ਮੀਰ ਸਿੰਘ ਵੀ ਗੰਭੀਰ ਜ਼ਖ਼ਮੀ ਹੋਇਆ ਹੈ।
ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਨੇ ਕੁਝ ਸਮਾਂ ਪਹਿਲਾਂ ਆਪਣੀ ਰਿਸ਼ਤੇਦਾਰੀ ਵਿੱਚ ਹੀ ਮਾਮੇ ਦੀ ਧੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦਾ ਪਰਿਵਾਰ ਇਸ ਵਿਆਹ ਤੋਂ ਖੁਸ਼ ਨਹੀਂ ਸੀ ਅਤੇ ਇਸੇ ਰੰਜਿਸ਼ ਦੇ ਚੱਲਦਿਆਂ ਇਹ ਵਾਰਦਾਤ ਹੋਈ।
ਮੀਡੀਆ ਰਿਪੋਰਟਾਂ ਮੁਤਾਬਕ ਲੜਕੀ ਦਾ ਪਿਤਾ ਚਾਰ ਹੋਰ ਵਿਅਕਤੀਆਂ ਸਮੇਤ ਹਥਿਆਰਾਂ ਨਾਲ ਲੈਸ ਹੋ ਕੇ ਬੀਤੀ ਰਾਤ ਅੰਮ੍ਰਿਤਪਾਲ ਦੇ ਘਰ ਪਹੁੰਚਿਆ। ਦੋਹਾਂ ਧਿਰਾਂ ਵਿਚਾਲੇ ਤਕਰਾਰ ਹੋਈ, ਜੋ ਬਾਅਦ ਵਿੱਚ ਗੋਲੀਬਾਰੀ ਵਿੱਚ ਬਦਲ ਗਈ। ਗੋਲੀਆਂ ਲੱਗਣ ਕਾਰਨ ਅੰਮ੍ਰਿਤਪਾਲ ਸਿੰਘ ਦੀ ਜੇਰੇ ਇਲਾਜ ਮੌਤ ਹੋ ਗਈ, ਜਦਕਿ ਉਸ ਦੇ ਪਿਤਾ ਕਸ਼ਮੀਰ ਸਿੰਘ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ।
ਮਾਮਲੇ ਸਬੰਧੀ ਥਾਣਾ ਝਬਾਲ ਦੀ ਪੁਲਿਸ ਵੱਲੋਂ ਕਸ਼ਮੀਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਮਾਮਲੇ ਵਿੱਚ ਪੰਜ ਵਿਅਕਤੀਆਂ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
