ਏਸ਼ੀਅਨ ਗੇਮਜ਼ ’ਚ ਲਗਾਤਾਰ ਤੀਜਾ ਤਗ਼ਮਾ ਜਿੱਤ ਕੇ ਪਟਿਆਲਾ ਪਰਤੇ ਉਲੰਪੀਅਨ ਤੇਜਿੰਦਰਪਾਲ ਸਿੰਘ ਤੂਰ, ਸ਼ਾਨਦਾਰ ਸਵਾਗਤ

ਪਟਿਆਲਾ, 2 ਅਕਤੂਬਰ: ਏਸ਼ੀਅਨ ਗੇਮਜ਼ ਦੇ ਸ਼ਾਟਪੁੱਟ ਮੁਕਾਬਲੇ ਵਿੱਚ ਲਗਾਤਾਰ ਤੀਜਾ ਤਗ਼ਮਾ ਜਿੱਤਣ ਤੋਂ ਬਾਅਦ ਪਟਿਆਲਾ ਪਰਤੇ ਪੰਜਾਬ ਪੁਲਿਸ ਦੇ ਡੀਐਸਪੀ ਅਤੇ ਉਲੰਪੀਅਨ ਤੇਜਿੰਦਰਪਾਲ ਸਿੰਘ ਤੂਰ ਦਾ ਪੰਜਾਬੀ ਯੂਨੀਵਰਸਿਟੀ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ, ਖੇਡ ਪ੍ਰੇਮੀਆਂ, ਖਿਡਾਰੀਆਂ ਅਤੇ ਵੱਡੀ ਗਿਣਤੀ ਵਿੱਚ ਪਟਿਆਲਾ ਵਾਸੀਆਂ ਨੇ ਤੂਰ ਨੂੰ ਫੁੱਲਾਂ ਨਾਲ ਸਨਮਾਨਿਤ ਕਰਦਿਆਂ ਉਨ੍ਹਾਂ ਦੀ ਪ੍ਰਾਪਤੀ ਦੀ ਖੁਸ਼ੀ ਸਾਂਝੀ ਕੀਤੀ।
ਵਿਧਾਇਕ ਗੁਰਲਾਲ ਘਨੌਰ ਦੀ ਅਗਵਾਈ ਹੇਠ ਕਰਵਾਏ ਗਏ ਸਵਾਗਤੀ ਸਮਾਗਮ ਵਿੱਚ ਨੌਜਵਾਨਾਂ ਅਤੇ ਖਿਡਾਰੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਤੂਰ ਦੀ ਕੌਮਾਂਤਰੀ ਪੱਧਰ ’ਤੇ ਸ਼ਾਨਦਾਰ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਗਈ।
ਤੇਜਿੰਦਰਪਾਲ ਸਿੰਘ ਤੂਰ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਖਿਡਾਰੀਆਂ ਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਲੋੜੀਂਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਖਲਾਈ ਕੈਂਪਾਂ ਤੋਂ ਲੈ ਕੇ ਕੌਮਾਂਤਰੀ ਮੁਕਾਬਲਿਆਂ ਵਿੱਚ ਭਾਗ ਲੈਣ ਤੱਕ ਖਿਡਾਰੀਆਂ ਨੂੰ ਸਹਾਇਤਾ ਮਿਲ ਰਹੀ ਹੈ, ਜਿਸ ਨਾਲ ਉਨ੍ਹਾਂ ਦਾ ਮਨੋਬਲ ਵਧਿਆ ਹੈ।
ਤੂਰ ਨੇ ਕਿਹਾ ਕਿ ਪਿਛਲੀਆਂ ਸੱਟਾਂ ਕਾਰਨ ਉਹ ਇਸ ਵਾਰ ਸੋਨ ਤਗ਼ਮਾ ਹਾਸਲ ਨਹੀਂ ਕਰ ਸਕੇ, ਪਰ ਪਰਿਵਾਰ, ਵਿਭਾਗ ਅਤੇ ਸਰਕਾਰ ਵੱਲੋਂ ਮਿਲ ਰਹੇ ਸਹਿਯੋਗ ਨਾਲ ਉਹ ਆਉਣ ਵਾਲੇ ਕੌਮਾਂਤਰੀ ਮੁਕਾਬਲਿਆਂ ਵਿੱਚ ਸੋਨ ਤਗ਼ਮਾ ਜਿੱਤਣ ਲਈ ਹੋਰ ਮਿਹਨਤ ਕਰਨਗੇ।
ਵਿਧਾਇਕ ਗੁਰਲਾਲ ਘਨੌਰ ਨੇ ਉਲੰਪੀਅਨ ਤੂਰ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪ੍ਰਾਪਤੀ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਤੂਰ, ਦਲਜੀਤ ਸਿੰਘ ਰਾਣਾ ਅਤੇ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਵਰਗੀਆਂ ਸ਼ਖ਼ਸੀਅਤਾਂ ਦੀ ਪ੍ਰੇਰਣਾ ਨਾਲ ਪਟਿਆਲਾ ਦੇ ਨਵੇਂ ਖਿਡਾਰੀ ਵੀ ਅਥਲੈਟਿਕਸ, ਸ਼ਾਟਪੁੱਟ, ਡਿਸਕਸ ਥਰੋਅ ਸਮੇਤ ਵੱਖ-ਵੱਖ ਖੇਡਾਂ ਵਿੱਚ ਅੱਗੇ ਵੱਧ ਰਹੇ ਹਨ।
ਉਨ੍ਹਾਂ ਕਿਹਾ ਕਿ ਸ਼ਾਟਪੁੱਟ ਅਤੇ ਡਿਸਕਸ ਥਰੋਅ ਵਰਗੀਆਂ ਖੇਡਾਂ ਵਿੱਚ ਕੌਮਾਂਤਰੀ ਪੱਧਰ ’ਤੇ ਤਗ਼ਮਾ ਜਿੱਤਣਾ ਵੱਡੀ ਪ੍ਰਾਪਤੀ ਹੈ। ਤੂਰ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਆਪਣੇ ਪਰਿਵਾਰ, ਪਟਿਆਲਾ, ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।
ਸਮਾਗਮ ਦੌਰਾਨ ਪੰਜਾਬ ਸਰਕਾਰ ਵੱਲੋਂ ਪਿੰਡ-ਪਿੰਡ ਖੇਡ ਮੈਦਾਨ ਵਿਕਸਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਵੀ ਜ਼ਿਕਰ ਕੀਤਾ ਗਿਆ।
ਇਸ ਮੌਕੇ ਐਸਡੀਐਮ ਗੁਰਦੇਵ ਸਿੰਘ, ਦਲਜੀਤ ਸਿੰਘ ਰਾਣਾ, ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ, ਕੌਮਾਂਤਰੀ ਰੈਸਲਰ ਅਤੇ ਰੈਸਲਿੰਗ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਰਣਧੀਰ ਸਿੰਘ, ਅਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ, ਪਟਿਆਲਾ ਵਾਸੀ ਅਤੇ ਤੂਰ ਦੇ ਪਰਿਵਾਰਕ ਮੈਂਬਰ ਮੌਜੂਦ ਰਹੇ।
