ਖਣਨ ਵਿਭਾਗ ਦੀ ਵੱਡੀ ਕਾਰਵਾਈ: ਦੋ ਥਾਵਾਂ ’ਤੇ ਗੈਰ-ਕਾਨੂੰਨੀ ਮਾਈਨਿੰਗ ਦਾ ਪਰਦਾਫਾਸ਼, 247 FIR ਦਰਜ

ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਵਿਭਾਗ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਖਣਨ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਲੋਪੋਕੇ ਇਲਾਕੇ ਵਿੱਚ ਛਾਪੇਮਾਰੀ ਕਰਕੇ ਗੈਰ-ਕਾਨੂੰਨੀ ਰੇਤ ਖਣਨ ਦਾ ਪਰਦਾਫਾਸ਼ ਕੀਤਾ ਹੈ।
ਮੰਤਰੀ ਮੁਤਾਬਕ ਪਿੰਡ ਕੋਟ ਸਿੱਧੂ ਵਿਖੇ ਕੀਤੀ ਗਈ ਕਾਰਵਾਈ ਦੌਰਾਨ ਮੌਕੇ ਤੋਂ ਤਿੰਨ ਜੇ.ਸੀ.ਬੀ. ਮਸ਼ੀਨਾਂ ਅਤੇ ਸੱਤ ਟਿੱਪਰ ਟਰੱਕਾਂ ਦੀ ਪਛਾਣ ਕੀਤੀ ਗਈ। ਮਾਮਲੇ ਵਿੱਚ ਥਾਣਾ ਭਿੰਦੀ ਸੈਦਾਂ ਵਿਖੇ ‘ਮਾਈਨਜ਼ ਐਂਡ ਮਿਨਰਲਜ਼ (ਡਿਵੈਲਪਮੈਂਟ ਐਂਡ ਰੈਗੂਲੇਸ਼ਨ) ਐਕਟ, 1957’ ਦੀ ਧਾਰਾ 21(1) ਤਹਿਤ ਐਫ.ਆਈ.ਆਰ. ਨੰਬਰ 0160/2026 ਦਰਜ ਕੀਤੀ ਗਈ ਹੈ। ਪੁਲਿਸ ਵੱਲੋਂ ਜ਼ਮੀਨ ਮਾਲਕਾਂ ਅਤੇ ਵਾਹਨਾਂ ਤੇ ਮਸ਼ੀਨਾਂ ਦੇ ਮਾਲਕਾਂ ਦੀ ਪਛਾਣ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਖਣਨ ਵਿਭਾਗ ਲੁਧਿਆਣਾ ਵੱਲੋਂ ਸਿੱਧਵਾਂ ਬੇਟ ਇਲਾਕੇ ਵਿੱਚ ਵੀ ਕਾਰਵਾਈ ਕੀਤੀ ਗਈ। ਵਿਭਾਗੀ ਟੀਮ ਨੇ ਰੇਤ ਨਾਲ ਭਰੇ ਇੱਕ ਟਿੱਪਰ ਨੂੰ ਰੋਕ ਕੇ ਜਾਂਚ ਕੀਤੀ ਤਾਂ ਵਾਹਨ ’ਤੇ ਨੰਬਰ ਪਲੇਟ ਨਾ ਹੋਣ ਦੀ ਗੱਲ ਸਾਹਮਣੇ ਆਈ। ਟਿੱਪਰ ਨੂੰ ਥਾਣਾ ਸਿੱਧਵਾਂ ਬੇਟ ਦੇ ਹਵਾਲੇ ਕਰ ਦਿੱਤਾ ਗਿਆ ਅਤੇ 6 ਅਕਤੂਬਰ 2026 ਨੂੰ ਐਫ.ਆਈ.ਆਰ. ਨੰਬਰ 283 ਤਹਿਤ ਕੇਸ ਦਰਜ ਕੀਤਾ ਗਿਆ।
ਖਣਨ ਮੰਤਰੀ ਨੇ ਦੱਸਿਆ ਕਿ 6 ਅਕਤੂਬਰ 2026 ਤੱਕ ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਕੁੱਲ 247 ਐਫ.ਆਈ.ਆਰ. ਦਰਜ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਨਿਯਮ 74 ਅਤੇ 75 ਤਹਿਤ 598 ਚਲਾਨ ਜਾਰੀ ਕੀਤੇ ਗਏ ਹਨ। ਇਸ ਦੌਰਾਨ 7.92 ਕਰੋੜ ਰੁਪਏ ਤੋਂ ਵੱਧ ਦੇ ਜੁਰਮਾਨੇ ਲਗਾਏ ਗਏ ਹਨ, ਜਿਨ੍ਹਾਂ ਵਿੱਚੋਂ 7.69 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਜਾ ਚੁੱਕੀ ਹੈ।
ਜ਼ਿਲ੍ਹਾ-ਵਾਰ ਅੰਕੜਿਆਂ ਮੁਤਾਬਕ ਅੰਮ੍ਰਿਤਸਰ ਵਿੱਚ 16 ਐਫ.ਆਈ.ਆਰ. ਅਤੇ 25 ਚਲਾਨ ਦਰਜ ਕੀਤੇ ਗਏ ਹਨ। ਇੱਥੇ 46.87 ਲੱਖ ਰੁਪਏ ਦੇ ਜੁਰਮਾਨੇ ਵਿੱਚੋਂ 42.79 ਲੱਖ ਰੁਪਏ ਵਸੂਲੇ ਜਾ ਚੁੱਕੇ ਹਨ।
ਹੁਸ਼ਿਆਰਪੁਰ ਵਿੱਚ 20 ਐਫ.ਆਈ.ਆਰ. ਅਤੇ 84 ਚਲਾਨ ਦਰਜ ਹੋਏ ਹਨ। ਇੱਥੇ 129.39 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ, ਜਿਸ ਵਿੱਚੋਂ 125.81 ਲੱਖ ਰੁਪਏ ਦੀ ਵਸੂਲੀ ਹੋਈ ਹੈ। ਪਠਾਨਕੋਟ ਵਿੱਚ 5 ਐਫ.ਆਈ.ਆਰ. ਅਤੇ 101 ਚਲਾਨ ਦਰਜ ਕੀਤੇ ਗਏ ਅਤੇ 176.89 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ, ਜਿਸ ਦੀ ਪੂਰੀ ਰਕਮ ਵਸੂਲ ਹੋ ਚੁੱਕੀ ਹੈ।
ਗੁਰਦਾਸਪੁਰ ਵਿੱਚ ਸਭ ਤੋਂ ਵੱਧ 55 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਇੱਥੇ 24 ਚਲਾਨਾਂ ਤਹਿਤ 39.57 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਅਤੇ ਪੂਰੀ ਰਕਮ ਵਸੂਲ ਕਰ ਲਈ ਗਈ ਹੈ। ਐਸ.ਏ.ਐਸ. ਨਗਰ ਵਿੱਚ 27 ਐਫ.ਆਈ.ਆਰ. ਅਤੇ 67 ਚਲਾਨਾਂ ਤਹਿਤ 87.95 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ, ਜਿਸ ਵਿੱਚੋਂ 82.86 ਲੱਖ ਰੁਪਏ ਵਸੂਲ ਹੋਏ ਹਨ।
ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਵਿੱਚ 32 ਐਫ.ਆਈ.ਆਰ. ਅਤੇ 30 ਚਲਾਨ ਦਰਜ ਕੀਤੇ ਗਏ ਹਨ। ਇੱਥੇ 52.99 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ, ਜਿਸ ਵਿੱਚੋਂ 48.91 ਲੱਖ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ।
ਖਣਨ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਕਾਰਵਾਈਆਂ ਨਾਲ ਸੂਬੇ ਵਿੱਚ ਗੈਰ-ਕਾਨੂੰਨੀ ਰੇਤ ਖਣਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਦਾ ਸੰਕੇਤ ਮਿਲਦਾ ਹੈ।
