ਹਲੇਮੀਆਂ, ਹਮਦਰਦੀਆਂ ਤੇ ਮੁਹੱਬਤਾਂ ਦਾ ਸੁਨੇਹਾ: ਬਲੰਦਪੁਰੀ ਸਾਹਿਬ ਵੱਲੋਂ ਚੰਡੀਗੜ੍ਹ ’ਚ ਪੈਦਲ ਮਾਰਚ

ਹਲੇਮੀਆਂ, ਹਮਦਰਦੀਆਂ ਅਤੇ ਮੁਹੱਬਤਾਂ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਲਈ ਬਲੰਦਪੁਰੀ ਸਾਹਿਬ ਦੀਆਂ ਸੰਗਤਾਂ ਵੱਲੋਂ ਚੰਡੀਗੜ੍ਹ ਦੀ ਸੁਖਨਾ ਲੇਕ ਵਿਖੇ ਪੈਦਲ ਮਾਰਚ ਕੱਢਿਆ ਗਿਆ। ਇਸ ਮੌਕੇ ਸੈਂਕੜੇ ਸੰਗਤਾਂ ਨੇ ਸ਼ਮੂਲੀਅਤ ਕਰਦਿਆਂ ਪ੍ਰੇਮ, ਭਾਈਚਾਰੇ, ਨਿਮਰਤਾ ਅਤੇ ਸ਼ਾਂਤੀ ਦਾ ਸੁਨੇਹਾ ਦਿੱਤਾ।
ਬਲੰਦਪੁਰੀ ਸਾਹਿਬ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਵੰਬਰ 2024 ਵਿੱਚ ਬਲੰਦਪੁਰੀ ਸਾਹਿਬ ਤੋਂ ਸ਼ੁਰੂ ਹੋਈ “ਹਲੇਮੀਆਂ, ਹਮਦਰਦੀਆਂ ਤੇ ਮੁਹੱਬਤਾਂ ਦੀ ਲਹਿਰ” ਹੁਣ ਵਿਸ਼ਵ ਪੱਧਰੀ ਮੁਹਿੰਮ ਦਾ ਰੂਪ ਧਾਰ ਚੁੱਕੀ ਹੈ। ਉਨ੍ਹਾਂ ਮੁਤਾਬਕ ਇਸ ਮੁਹਿੰਮ ਨਾਲ ਲੱਖਾਂ ਲੋਕ ਜੁੜ ਚੁੱਕੇ ਹਨ ਅਤੇ ਇਹ 100 ਤੋਂ ਵੱਧ ਦੇਸ਼ਾਂ ਤੱਕ ਪਹੁੰਚ ਬਣਾ ਚੁੱਕੀ ਹੈ।
ਮੁਹਿੰਮ ਤਹਿਤ ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਇਟਲੀ ਅਤੇ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਹੁਣ ਤੱਕ ਸੱਤ ਵਿਸ਼ਵ ਕਾਨਫਰੰਸਾਂ ਕਰਵਾਈਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਹਰ ਮਹੀਨੇ ਵੱਖ-ਵੱਖ ਸ਼ਹਿਰਾਂ ਵਿੱਚ ਪੈਦਲ ਮਾਰਚ ਕਰਵਾ ਕੇ ਹਲੇਮੀਆਂ, ਹਮਦਰਦੀਆਂ ਅਤੇ ਮੁਹੱਬਤਾਂ ਦਾ ਸੁਨੇਹਾ ਘਰ-ਘਰ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਇਸੇ ਲੜੀ ਤਹਿਤ ਇਸ ਹਫ਼ਤੇ ਦੁਨੀਆ ਦੇ ਲਗਭਗ 70 ਵੱਡੇ ਸ਼ਹਿਰਾਂ ਵਿੱਚ ਪੈਦਲ ਮਾਰਚ ਕਰਵਾਏ ਗਏ। ਚੰਡੀਗੜ੍ਹ ਵਿੱਚ ਹੋਏ ਮਾਰਚ ਦੌਰਾਨ ਸੰਗਤਾਂ ਨੇ ਹੱਥਾਂ ਵਿੱਚ ਗੁਲਾਬ ਦੇ ਫੁੱਲ, ਬੈਨਰ ਅਤੇ ਸ਼ਾਂਤੀ ਤੇ ਪਿਆਰ ਦੇ ਸੁਨੇਹੇ ਲੈ ਕੇ ਸ਼ਮੂਲੀਅਤ ਕੀਤੀ।
ਬਲੰਦਪੁਰੀ ਸਾਹਿਬ ਨਾਲ ਜੁੜੇ ਨੁਮਾਇੰਦਿਆਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ “ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ” ਸਮੁੱਚੀ ਮਨੁੱਖਤਾ ਲਈ ਹੈ। ਇਸੇ ਸੰਦੇਸ਼ ਨੂੰ ਅੱਜ ਦੇ ਸਮੇਂ ਵਿੱਚ ਅਮਲੀ ਰੂਪ ਦੇਣ ਲਈ ਇਹ ਮੁਹਿੰਮ ਅੱਗੇ ਵਧਾਈ ਜਾ ਰਹੀ ਹੈ।
ਮੁਹਿੰਮ ਤਹਿਤ ਅੰਦਰੂਨੀ ਮੈਡੀਟੇਸ਼ਨ ਅਭਿਆਸ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਰਾਹੀਂ ਲੋਕਾਂ ਨੂੰ ਆਪਣੇ ਅੰਦਰ ਸ਼ਾਂਤੀ ਪੈਦਾ ਕਰਨ ਅਤੇ ਪਿਆਰ, ਨਿਮਰਤਾ ਤੇ ਹਮਦਰਦੀ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
