ਮਹਾਕੁੰਭ 2025 ਸਮਾਪਤ: 45 ਦਿਨਾਂ ’ਚ 66 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਸੰਗਮ ’ਚ ਲਾਈ ਡੁਬਕੀ
Read in English
ਪ੍ਰਯਾਗਰਾਜ ਵਿੱਚ 45 ਦਿਨ ਚੱਲਿਆ ਮਹਾਕੁੰਭ ਬੁੱਧਵਾਰ, 26 ਫ਼ਰਵਰੀ ਨੂੰ ਮਹਾਂਸ਼ਿਵਰਾਤਰੀ ਦੇ ਇਸ਼ਨਾਨ ਨਾਲ ਸਮਾਪਤ ਹੋ ਗਿਆ। ਇਹ ਮੇਲਾ 13 ਜਨਵਰੀ ਨੂੰ ਪੋਹ ਦੀ ਪੂਰਨਮਾਸ਼ੀ ਤੋਂ ਸ਼ੁਰੂ ਹੋਇਆ ਸੀ।
ਸਰਕਾਰੀ ਅੰਕੜਿਆਂ ਮੁਤਾਬਕ ਇਨ੍ਹਾਂ ਦਿਨਾਂ ਵਿੱਚ 66 ਕਰੋੜ 21 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਤ੍ਰਿਵੇਣੀ ਸੰਗਮ ਵਿੱਚ ਡੁਬਕੀ ਲਾਈ। ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਧਾਰਮਿਕ ਇਕੱਠ ਦੱਸਿਆ ਜਾ ਰਿਹਾ ਹੈ।
ਆਖ਼ਰੀ ਦਿਨ ਹੀ 1 ਕਰੋੜ 53 ਲੱਖ ਤੋਂ ਵੱਧ ਲੋਕਾਂ ਨੇ ਇਸ਼ਨਾਨ ਕੀਤਾ। ਭਾਰਤੀ ਹਵਾਈ ਫ਼ੌਜ ਨੇ ਮੇਲੇ ਦੇ ਇਲਾਕੇ ਉੱਤੇ ਏਅਰ ਸ਼ੋਅ ਕੀਤਾ ਅਤੇ ਘਾਟਾਂ ’ਤੇ ਗੁਲਾਬ ਦੀਆਂ ਪੱਤੀਆਂ ਵਰਸਾਈਆਂ ਗਈਆਂ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭੂਟਾਨ ਦੇ ਰਾਜਾ ਸਮੇਤ ਕਈ ਆਗੂਆਂ ਨੇ ਵੀ ਸੰਗਮ ਵਿੱਚ ਇਸ਼ਨਾਨ ਕੀਤਾ।
ਮੇਲੇ ਦੌਰਾਨ 29 ਜਨਵਰੀ ਨੂੰ ਮੌਨੀ ਮੱਸਿਆ ਦੀ ਤੜਕਸਾਰ ਮਚੀ ਭਗਦੜ ਵਿੱਚ 30 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ 60 ਜ਼ਖ਼ਮੀ ਹੋਏ ਸਨ। ਉੱਤਰ ਪ੍ਰਦੇਸ਼ ਸਰਕਾਰ ਨੇ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਅਤੇ ਬਾਕੀ ਇਸ਼ਨਾਨਾਂ ਲਈ ਵੀਆਈਪੀ ਪ੍ਰੋਟੋਕੋਲ ਬੰਦ ਕਰ ਦਿੱਤਾ।
