ਲਾਬੂਬੂ ਦਾ ਜਨੂੰਨ: ਬੀਜਿੰਗ ਨਿਲਾਮੀ ’ਚ ਇਨਸਾਨ ਜਿੰਨੀ ਵੱਡੀ ਗੁੱਡੀ 10.8 ਲੱਖ ਯੁਆਨ ’ਚ ਵਿਕੀ
Read in English
ਵੱਡੀਆਂ ਅੱਖਾਂ ਅਤੇ ਸ਼ਰਾਰਤੀ ਮੁਸਕਾਨ ਵਿੱਚ ਨੁਕੀਲੇ ਦੰਦਾਂ ਵਾਲਾ ਛੋਟਾ ਜਿਹਾ ਖਿਡੌਣਾ ‘ਲਾਬੂਬੂ’ 2025 ਦਾ ਸਭ ਤੋਂ ਵੱਡਾ ਸੋਸ਼ਲ ਮੀਡੀਆ ਕ੍ਰੇਜ਼ ਬਣ ਗਿਆ। ਇਸ ਦੀ ਦੀਵਾਨਗੀ ਦਾ ਅੰਦਾਜ਼ਾ 10 ਜੂਨ ਨੂੰ ਬੀਜਿੰਗ ਵਿੱਚ ਹੋਈ ਇੱਕ ਨਿਲਾਮੀ ਤੋਂ ਲਾਇਆ ਜਾ ਸਕਦਾ ਹੈ।
ਯੋਂਗਲੇ ਇੰਟਰਨੈਸ਼ਨਲ ਆਕਸ਼ਨ ਵੱਲੋਂ ਕਰਵਾਈ ਗਈ ਲਾਬੂਬੂ ਦੀ ਪਹਿਲੀ ਖ਼ਾਸ ਨਿਲਾਮੀ ਵਿੱਚ 131 ਸੈਂਟੀਮੀਟਰ ਉੱਚੀ, ਪੁਦੀਨੇ ਵਰਗੇ ਹਰੇ ਰੰਗ ਦੀ ਲਾਬੂਬੂ 10.8 ਲੱਖ ਯੁਆਨ ਵਿੱਚ ਵਿਕੀ। ਨਿਲਾਮੀ ਘਰ ਮੁਤਾਬਕ ਇਹ ਦੁਨੀਆ ਵਿੱਚ ਆਪਣੀ ਕਿਸਮ ਦੀ ਇੱਕੋ-ਇੱਕ ਗੁੱਡੀ ਸੀ।
ਨਿਲਾਮੀ ਵਿੱਚ ਕੁੱਲ 48 ਚੀਜ਼ਾਂ ਰੱਖੀਆਂ ਗਈਆਂ, ਜਿਨ੍ਹਾਂ ਦੀ ਸ਼ੁਰੂਆਤੀ ਕੀਮਤ ਸਿਫ਼ਰ ਸੀ। ਲਗਭਗ 200 ਲੋਕ ਖ਼ੁਦ ਪਹੁੰਚੇ, ਜਦਕਿ 1,000 ਤੋਂ ਵੱਧ ਲੋਕਾਂ ਨੇ ਮੋਬਾਈਲ ਐਪ ਰਾਹੀਂ ਬੋਲੀ ਲਾਈ ਅਤੇ ਸਾਰੀਆਂ ਚੀਜ਼ਾਂ ਕੁੱਲ 37.3 ਲੱਖ ਯੁਆਨ ਵਿੱਚ ਵਿਕੀਆਂ।
ਲਾਬੂਬੂ ਨੂੰ ਮੁੱਖ ਤੌਰ ’ਤੇ ਚੀਨ ਦੀ ਖਿਡੌਣਾ ਕੰਪਨੀ ਪੌਪ ਮਾਰਟ ‘ਬਲਾਇੰਡ ਬਾਕਸ’ ਵਿੱਚ ਵੇਚਦੀ ਹੈ, ਯਾਨੀ ਖ਼ਰੀਦਦਾਰ ਨੂੰ ਡੱਬਾ ਖੋਲ੍ਹਣ ਤੋਂ ਪਹਿਲਾਂ ਪਤਾ ਨਹੀਂ ਹੁੰਦਾ ਕਿ ਅੰਦਰ ਕਿਹੜਾ ਡਿਜ਼ਾਈਨ ਹੈ। ਦੁਕਾਨਾਂ ਅੱਗੇ ਲੰਮੀਆਂ ਕਤਾਰਾਂ ਲੱਗੀਆਂ ਅਤੇ ਰਿਹਾਨਾ, ਬਲੈਕਪਿੰਕ ਦੀ ਲੀਸਾ ਅਤੇ ਦੁਆ ਲੀਪਾ ਵਰਗੀਆਂ ਹਸਤੀਆਂ ਆਪਣੇ ਬੈਗਾਂ ’ਤੇ ਲਾਬੂਬੂ ਲਟਕਾਈ ਨਜ਼ਰ ਆਈਆਂ।
ਇਸ ਕ੍ਰੇਜ਼ ਨੇ ਪੌਪ ਮਾਰਟ ਦੀ ਕਮਾਈ ਨੂੰ ਵੀ ਖੰਭ ਲਾ ਦਿੱਤੇ। 2025 ਦੇ ਪਹਿਲੇ ਛੇ ਮਹੀਨਿਆਂ ਵਿੱਚ ਕੰਪਨੀ ਦੀ ਆਮਦਨ 1,388 ਕਰੋੜ ਯੁਆਨ ਤੱਕ ਪਹੁੰਚ ਗਈ, ਜੋ ਪਿਛਲੇ ਸਾਲ ਨਾਲੋਂ 204 ਫ਼ੀਸਦੀ ਵੱਧ ਸੀ।
