ਸਰਕਾਰੀ ਨੌਕਰੀ ਦਾ ਹਵਾਲਾ ਦੇ ਕੇ ਮੰਗੇਤਰ ਮੰਗਦਾ ਸੀ ਮਹਿੰਗੀ ਕਾਰ! ਵਿਆਹ ਤੋਂ ਮਹੀਨਾ ਪਹਿਲਾਂ ਲੜਕੀ ਨੇ ਚੁੱਕਿਆ ਖੌਫਨਾਕ ਕਦਮ

ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਬਹਿਨੰਗਲ ਵਿੱਚ ਇੱਕ ਲੜਕੀ ਵੱਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਰਾਧਾ ਰਾਣੀ ਪੁੱਤਰੀ ਧਿਆਨ ਸਿੰਘ ਵਜੋਂ ਹੋਈ ਹੈ। ਪਰਿਵਾਰ ਦਾ ਦੋਸ਼ ਹੈ ਕਿ ਮੰਗੇਤਰ ਵੱਲੋਂ ਕਥਿਤ ਤੌਰ 'ਤੇ ਦਹੇਜ ਵਿੱਚ ਮਹਿੰਗੀ ਕਾਰ ਦੀ ਮੰਗ ਅਤੇ ਲਗਾਤਾਰ ਤੰਗ-ਪਰੇਸ਼ਾਨ ਕਰਨ ਕਾਰਨ ਉਹ ਮਾਨਸਿਕ ਤੌਰ 'ਤੇ ਬੇਹੱਦ ਪਰੇਸ਼ਾਨ ਸੀ।
ਪਰਿਵਾਰ ਮੁਤਾਬਕ ਰਾਧਾ ਰਾਣੀ ਦਾ ਕਰੀਬ ਡੇਢ ਸਾਲ ਪਹਿਲਾਂ ਮੁਕੇਰੀਆਂ ਹਲਕੇ ਦੇ ਪਿੰਡ ਮੈਰੇ ਜੱਟਾਂ ਨਾਲ ਸਬੰਧਤ ਰਾਜੀਵ ਨਾਲ ਰਿਸ਼ਤਾ ਹੋਇਆ ਸੀ ਅਤੇ ਦੋਵਾਂ ਦਾ ਵਿਆਹ 3 ਨਵੰਬਰ 2026 ਨੂੰ ਰੱਖਿਆ ਗਿਆ ਸੀ। ਪਰਿਵਾਰ ਵਿਆਹ ਦੀਆਂ ਤਿਆਰੀਆਂ ਅਤੇ ਖਰੀਦਦਾਰੀ ਵਿੱਚ ਲੱਗਾ ਹੋਇਆ ਸੀ।
ਪਰਿਵਾਰ ਦਾ ਦੋਸ਼ ਹੈ ਕਿ ਮੰਗੇਤਰ ਰਾਜੀਵ ਲਗਾਤਾਰ ਰਾਧਾ ਰਾਣੀ ਨੂੰ ਤੰਗ-ਪਰੇਸ਼ਾਨ ਕਰਦਾ ਅਤੇ ਗਾਲੀ-ਗਲੋਚ ਕਰਦਾ ਸੀ। ਉਸ ਵੱਲੋਂ ਦਹੇਜ ਵਿੱਚ ਲੱਖਾਂ ਰੁਪਏ ਦੀ ਮਹਿੰਗੀ ਕਾਰ ਦੀ ਮੰਗ ਕੀਤੀ ਜਾ ਰਹੀ ਸੀ। ਪਰਿਵਾਰ ਮੁਤਾਬਕ ਰਾਜੀਵ ਇਹ ਕਹਿੰਦਾ ਸੀ ਕਿ ਉਹ ਸਰਕਾਰੀ ਨੌਕਰੀ ਕਰਦਾ ਹੈ ਅਤੇ ਜੇਕਰ ਉਸ ਨਾਲ ਵਿਆਹ ਕਰਵਾਉਣਾ ਹੈ ਤਾਂ ਦਹੇਜ ਵਿੱਚ ਗੱਡੀ ਦੇਣੀ ਪਵੇਗੀ।
ਪਰਿਵਾਰ ਅਨੁਸਾਰ ਇਹ ਮੰਗ ਅਤੇ ਕਥਿਤ ਤੌਰ 'ਤੇ ਲਗਾਤਾਰ ਹੋ ਰਹੀ ਪਰੇਸ਼ਾਨੀ ਰਾਧਾ ਰਾਣੀ ਲਈ ਮਾਨਸਿਕ ਦਬਾਅ ਦਾ ਕਾਰਨ ਬਣੀ ਹੋਈ ਸੀ। ਇਸ ਤੋਂ ਬਾਅਦ ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ।
ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਜਦੋਂ ਰਾਧਾ ਰਾਣੀ ਨੇ ਜ਼ਹਿਰੀਲਾ ਪਦਾਰਥ ਨਿਗਲਿਆ ਤਾਂ ਉਸ ਨੇ ਆਪਣੇ ਮੰਗੇਤਰ ਅਤੇ ਉਸ ਦੀ ਭੈਣ ਨੂੰ ਫੋਨ ਕਰਕੇ ਇਸ ਬਾਰੇ ਦੱਸਿਆ ਸੀ। ਪਰ ਦੋਸ਼ ਹੈ ਕਿ ਮੰਗੇਤਰ ਵੱਲੋਂ ਤੁਰੰਤ ਪਰਿਵਾਰ ਨੂੰ ਜਾਣਕਾਰੀ ਨਹੀਂ ਦਿੱਤੀ ਗਈ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਜਾਣਕਾਰੀ ਮਿਲ ਜਾਂਦੀ ਤਾਂ ਸ਼ਾਇਦ ਉਸ ਦੀ ਜਾਨ ਬਚਾਈ ਜਾ ਸਕਦੀ ਸੀ।
ਵਟਸਐਪ ਚੈਟ ਨੇ ਖੋਲ੍ਹੇ ਕਥਿਤ ਭੇਦ
ਲੜਕੀ ਦੀ ਮੌਤ ਤੋਂ ਬਾਅਦ ਜਦੋਂ ਪਰਿਵਾਰ ਨੇ ਉਸ ਦਾ ਫੋਨ ਚੈੱਕ ਕੀਤਾ ਤਾਂ ਵਟਸਐਪ ਚੈਟ ਸਾਹਮਣੇ ਆਈ। ਪਰਿਵਾਰ ਦਾ ਦਾਅਵਾ ਹੈ ਕਿ ਚੈਟ ਵਿੱਚ ਮੰਗੇਤਰ ਵੱਲੋਂ ਕਥਿਤ ਤੌਰ 'ਤੇ ਗਾਲਾਂ, ਧਮਕੀਆਂ ਅਤੇ ਤੰਗ-ਪਰੇਸ਼ਾਨ ਕਰਨ ਵਾਲੇ ਸੁਨੇਹੇ ਭੇਜੇ ਗਏ ਸਨ। ਪਰਿਵਾਰ ਮੁਤਾਬਕ ਇਨ੍ਹਾਂ ਚੈਟਾਂ ਵਿੱਚ ਵਾਰ-ਵਾਰ ਕਾਰ ਦੀ ਮੰਗ ਦਾ ਵੀ ਜ਼ਿਕਰ ਮਿਲਿਆ।
ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਪਰਿਵਾਰ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੀ ਧੀ ਇੰਨੀ ਜ਼ਿਆਦਾ ਪਰੇਸ਼ਾਨੀ ਵਿੱਚੋਂ ਲੰਘ ਰਹੀ ਹੈ। ਉਨ੍ਹਾਂ ਮੁਤਾਬਕ ਉਹ ਤਾਂ ਧੀ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ। ਪਰਿਵਾਰ ਨੇ ਮੰਗੇਤਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਰਾਧਾ ਰਾਣੀ ਐਮ.ਏ. ਦੀ ਪੜ੍ਹਾਈ ਕਰ ਰਹੀ ਸੀ।
ਪੁਲਿਸ ਦੀ ਜਾਂਚ ਜਾਰੀ
ਮਾਮਲੇ ਦੇ ਜਾਂਚ ਅਧਿਕਾਰੀ ਜੱਗਾ ਰਾਮ ਨੇ ਕੈਮਰੇ ਸਾਹਮਣੇ ਕੋਈ ਬਿਆਨ ਦੇਣ ਤੋਂ ਇਨਕਾਰ ਕੀਤਾ। ਹਾਲਾਂਕਿ ਆਫ਼ ਕੈਮਰਾ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਸੀ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।
ਫਿਲਹਾਲ ਪੁਲਿਸ ਜਾਂਚ ਤੋਂ ਬਾਅਦ ਹੀ ਮੰਗੇਤਰ ਖ਼ਿਲਾਫ਼ ਲੱਗੇ ਦੋਸ਼ਾਂ ਅਤੇ ਵਟਸਐਪ ਚੈਟ ਨਾਲ ਜੁੜੇ ਦਾਅਵਿਆਂ ਦੀ ਪੂਰੀ ਸਥਿਤੀ ਸਪੱਸ਼ਟ ਹੋਵੇਗੀ।
