ਹਰਮਨਪ੍ਰੀਤ ਸਿੰਘ ਦੀ ਹੈਟ੍ਰਿਕ ਨਾਲ ਭਾਰਤ ਦੀ ਲਗਾਤਾਰ ਚੌਥੀ ਜਿੱਤ, ਮਲੇਸ਼ੀਆ ਨੂੰ 4-2 ਨਾਲ ਹਰਾਇਆ

ਪੰਜਾਬ ਵਿੱਚ ਖੇਡੇ ਜਾ ਰਹੇ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਭਾਰਤੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਲੀਗ ਸਟੇਜ ਦੇ ਚੌਥੇ ਦਿਨ ਭਾਰਤ ਨੇ ਮਲੇਸ਼ੀਆ ਨੂੰ 4-2 ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਇਸ ਜਿੱਤ ਦੇ ਹੀਰੋ ਭਾਰਤੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਰਹੇ, ਜਿਨ੍ਹਾਂ ਨੇ ਸ਼ਾਨਦਾਰ ਹੈਟ੍ਰਿਕ ਲਗਾਈ। ਉੱਥੇ ਹੀ ਮੈਚ ਦੇਖਣ ਲਈ ਸਟੇਡੀਅਮ ਵਿੱਚ ਵੱਡੀ ਗਿਣਤੀ ਵਿੱਚ ਹਾਕੀ ਪ੍ਰੇਮੀ ਪਹੁੰਚੇ।
ਮੈਚ ਦੇ ਪਹਿਲੇ ਅੱਧ ਵਿੱਚ ਦੋਵਾਂ ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਹਾਫ਼ ਟਾਈਮ ਤੱਕ ਸਕੋਰ 1-1 ਨਾਲ ਬਰਾਬਰ ਰਿਹਾ। ਇਸ ਤੋਂ ਬਾਅਦ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਆਪਣਾ ਜਲਵਾ ਦਿਖਾਉਂਦਿਆਂ ਤਿੰਨ ਗੋਲ ਕੀਤੇ। ਉਨ੍ਹਾਂ ਨੇ ਦੋ ਗੋਲ ਪੈਨਲਟੀ ਕਾਰਨਰ ਅਤੇ ਇੱਕ ਗੋਲ ਪੈਨਲਟੀ ਸਟ੍ਰੋਕ ਰਾਹੀਂ ਕੀਤਾ। ਇਸ ਤੋਂ ਇਲਾਵਾ ਸੁਖਜੀਤ ਸਿੰਘ ਨੇ ਇੱਕ ਸ਼ਾਨਦਾਰ ਫੀਲਡ ਗੋਲ ਕਰਕੇ ਭਾਰਤ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਮਲੇਸ਼ੀਆ ਵੱਲੋਂ ਅਖੀਮਉੱਲਾ ਅਤੇ ਸ਼ੈਲੋ ਸਿਲਵੇਰੀਅਸ ਨੇ ਇੱਕ-ਇੱਕ ਗੋਲ ਕੀਤਾ।
ਇਸ ਹੈਟ੍ਰਿਕ ਦੇ ਨਾਲ ਹੀ ਹਰਮਨਪ੍ਰੀਤ ਸਿੰਘ ਦੇ ਟੂਰਨਾਮੈਂਟ ਵਿੱਚ ਕੁੱਲ ਅੱਠ ਗੋਲ ਹੋ ਗਏ ਹਨ ਅਤੇ ਉਹ ਟੂਰਨਾਮੈਂਟ ਦੇ ਟਾਪ ਸਕੋਰਰ ਬਣੇ ਹੋਏ ਹਨ।
ਦੂਜੇ ਪਾਸੇ, ਦੱਖਣੀ ਕੋਰੀਆ ਨੇ ਬੰਗਲਾਦੇਸ਼ ਨੂੰ 5-0 ਨਾਲ ਕਰਾਰੀ ਹਾਰ ਦੇ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਦੱਖਣੀ ਕੋਰੀਆ ਵੱਲੋਂ ਡੇਨ ਸੁਨ ਨੇ ਤਿੰਨ ਜਦਕਿ ਜੁਨਸਿਓਂਗ ਜਿਓਂਗ ਨੇ ਦੋ ਗੋਲ ਕੀਤੇ। ਹਾਫ਼ ਟਾਈਮ ਤੱਕ ਦੱਖਣੀ ਕੋਰੀਆ ਦੀ ਟੀਮ 2-0 ਨਾਲ ਅੱਗੇ ਸੀ। ਇਹ ਬੰਗਲਾਦੇਸ਼ ਦੀ ਟੂਰਨਾਮੈਂਟ ਵਿੱਚ ਲਗਾਤਾਰ ਚੌਥੀ ਹਾਰ ਰਹੀ, ਜਿਸ ਨਾਲ ਉਹ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਿਆ।
ਦਿਨ ਦਾ ਦੂਜਾ ਮੁਕਾਬਲਾ ਜਾਪਾਨ ਅਤੇ ਚੀਨ ਵਿਚਾਲੇ ਖੇਡਿਆ ਗਿਆ, ਜੋ 2-2 ਨਾਲ ਡਰਾਅ ਰਿਹਾ। ਮੈਚ ਵਿੱਚ ਚੀਨ ਨੇ ਪਹਿਲਾਂ ਗੋਲ ਕਰਕੇ ਲੀਡ ਬਣਾਈ ਰੱਖੀ। ਹਾਲਾਂਕਿ ਚੌਥੇ ਕੁਆਰਟਰ ਵਿੱਚ ਜਾਪਾਨ ਨੇ ਸ਼ਾਨਦਾਰ ਵਾਪਸੀ ਕਰਦਿਆਂ ਦੋ ਗੋਲ ਕਰਕੇ ਬੜ੍ਹਤ ਹਾਸਲ ਕਰ ਲਈ। ਜਾਪਾਨ ਵੱਲੋਂ ਰੇਕੀ ਫੁਜੀਸ਼ੀਮਾ ਅਤੇ ਯੁਮਾ ਨੁਗਾਈ ਨੇ ਗੋਲ ਕੀਤੇ। ਮੈਚ ਖ਼ਤਮ ਹੋਣ ਤੋਂ ਮਹਿਜ਼ ਤਿੰਨ ਸਕਿੰਟ ਪਹਿਲਾਂ ਚੀਨ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਦਿਆਂ ਸਕੋਰ 2-2 ਕਰ ਦਿੱਤਾ। ਇਸ ਡਰਾਅ ਨਾਲ ਚੀਨ ਦੀ ਸੈਮੀਫਾਈਨਲ ਵਿੱਚ ਪਹੁੰਚਣ ਦੀ ਉਮੀਦ ਖ਼ਤਮ ਹੋ ਗਈ।
ਇਨ੍ਹਾਂ ਨਤੀਜਿਆਂ ਤੋਂ ਬਾਅਦ ਭਾਰਤ, ਮਲੇਸ਼ੀਆ, ਜਾਪਾਨ ਅਤੇ ਦੱਖਣੀ ਕੋਰੀਆ ਨੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਹਾਲਾਂਕਿ ਚਾਰੇ ਟੀਮਾਂ ਦੀ ਅੰਤਿਮ ਲੀਗ ਰੈਂਕਿੰਗ ਤੈਅ ਹੋਣੀ ਅਜੇ ਬਾਕੀ ਹੈ।
ਹੁਣ 2 ਨਵੰਬਰ ਨੂੰ ਲੀਗ ਸਟੇਜ ਦੇ ਆਖ਼ਰੀ ਤਿੰਨ ਮੁਕਾਬਲੇ ਖੇਡੇ ਜਾਣਗੇ। ਇਨ੍ਹਾਂ ਵਿੱਚ ਚੀਨ ਦਾ ਸਾਹਮਣਾ ਬੰਗਲਾਦੇਸ਼ ਨਾਲ, ਮਲੇਸ਼ੀਆ ਦਾ ਜਾਪਾਨ ਨਾਲ ਅਤੇ ਭਾਰਤ ਦਾ ਮੁਕਾਬਲਾ ਦੱਖਣੀ ਕੋਰੀਆ ਨਾਲ ਹੋਵੇਗਾ। ਇਨ੍ਹਾਂ ਮੈਚਾਂ ਤੋਂ ਬਾਅਦ 4 ਨਵੰਬਰ ਨੂੰ ਮੋਹਾਲੀ ਵਿੱਚ ਹੋਣ ਵਾਲੇ ਸੈਮੀਫਾਈਨਲ ਮੁਕਾਬਲਿਆਂ ਦੀਆਂ ਟੀਮਾਂ ਅਤੇ ਉਨ੍ਹਾਂ ਦੀਆਂ ਜੋੜੀਆਂ ਤੈਅ ਹੋਣਗੀਆਂ। ਜਦਕਿ ਚੀਨ ਅਤੇ ਬੰਗਲਾਦੇਸ਼ ਪੰਜਵੇਂ ਸਥਾਨ ਲਈ ਆਹਮੋ-ਸਾਹਮਣੇ ਹੋਣਗੇ।
