ਸਤੰਬਰ ’ਚ ਪੰਜਾਬ ਦੀ ਸ਼ੁੱਧ GST ਪ੍ਰਾਪਤੀ 22.11% ਵਧੀ, SGST ਨਕਦ ਸੰਗ੍ਰਹਿ ਵਿੱਚ ਦੇਸ਼ ’ਚ ਸਭ ਤੋਂ ਵੱਧ 19% ਵਾਧਾ: ਹਰਪਾਲ ਸਿੰਘ ਚੀਮਾ

ਪੰਜਾਬ ਦੇ ਵਿੱਤ, ਯੋਜਨਾਬੰਦੀ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਨੇ ਸਤੰਬਰ 2026 ਦੌਰਾਨ ਸ਼ੁੱਧ GST ਪ੍ਰਾਪਤੀ ਵਿੱਚ ਸਾਲਾਨਾ ਆਧਾਰ ’ਤੇ 22.11 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ। ਸ਼ੁੱਧ GST ਪ੍ਰਾਪਤੀ ਸਤੰਬਰ 2025 ਦੇ 1,973.12 ਕਰੋੜ ਰੁਪਏ ਤੋਂ ਵਧ ਕੇ ਸਤੰਬਰ 2026 ਵਿੱਚ 2,409.47 ਕਰੋੜ ਰੁਪਏ ਹੋ ਗਈ।
ਚੀਮਾ ਨੇ ਦੱਸਿਆ ਕਿ ਇਸ ਦੌਰਾਨ ਪੰਜਾਬ ਨੂੰ 436.35 ਕਰੋੜ ਰੁਪਏ ਦਾ ਵਾਧੂ ਸ਼ੁੱਧ GST ਮਾਲੀਆ ਪ੍ਰਾਪਤ ਹੋਇਆ। ਉਨ੍ਹਾਂ ਮੁਤਾਬਕ SGST ਨਕਦ ਸੰਗ੍ਰਹਿ ਵੀ 738.05 ਕਰੋੜ ਰੁਪਏ ਤੋਂ ਵਧ ਕੇ 877.82 ਕਰੋੜ ਰੁਪਏ ਹੋ ਗਿਆ, ਜੋ 19 ਫ਼ੀਸਦੀ ਵਾਧਾ ਹੈ।
ਕੁੱਲ GST ਸੰਗ੍ਰਹਿ ਵਿੱਚ 17.39% ਵਾਧਾ
ਵਿੱਤ ਮੰਤਰੀ ਮੁਤਾਬਕ ਅਪ੍ਰੈਲ ਤੋਂ ਸਤੰਬਰ 2026 ਤੱਕ ਪੰਜਾਬ ਦਾ ਕੁੱਲ GST ਸੰਗ੍ਰਹਿ 15,405.12 ਕਰੋੜ ਰੁਪਏ ਰਿਹਾ, ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ 13,112.27 ਕਰੋੜ ਰੁਪਏ ਸੀ। ਇਸ ਤਰ੍ਹਾਂ ਕੁੱਲ GST ਸੰਗ੍ਰਹਿ ਵਿੱਚ 17.39 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਸਤੰਬਰ 2026 ਦੇ ਤੁਲਨਾਤਮਕ ਅੰਕੜਿਆਂ ਮੁਤਾਬਕ ਪੰਜਾਬ ਦੇ GST ਮਾਲੀਏ ਵਿੱਚ ਮਹੀਨੇ ਦੌਰਾਨ 16 ਫੀਸਦੀ ਵਾਧਾ ਹੋਇਆ, ਜਦਕਿ ਕੌਮੀ ਪੱਧਰ ’ਤੇ ਇਹ ਵਾਧਾ 14 ਫੀਸਦੀ ਰਿਹਾ। ਇਸੇ ਤਰ੍ਹਾਂ ਪੰਜਾਬ ਦੇ SGST ਨਕਦ ਸੰਗ੍ਰਹਿ ਵਿੱਚ 19 ਫੀਸਦੀ ਵਾਧੇ ਦੇ ਮੁਕਾਬਲੇ ਕੌਮੀ ਪੱਧਰ ’ਤੇ 8 ਫੀਸਦੀ ਵਾਧਾ ਦਰਜ ਕੀਤਾ ਗਿਆ।
VAT ਅਤੇ CST ਸੰਗ੍ਰਹਿ ਵਿੱਚ ਵੀ ਵਾਧਾ
ਚੀਮਾ ਨੇ ਕਿਹਾ ਕਿ ਸਤੰਬਰ 2026 ਦੌਰਾਨ VAT ਅਤੇ CST ਸੰਗ੍ਰਹਿ ਵਿੱਚ ਵੀ 28.70 ਫੀਸਦੀ ਦਾ ਵਾਧਾ ਹੋਇਆ। ਇਹ ਸੰਗ੍ਰਹਿ ਸਤੰਬਰ 2025 ਦੇ 577.11 ਕਰੋੜ ਰੁਪਏ ਤੋਂ ਵਧ ਕੇ ਸਤੰਬਰ 2026 ਵਿੱਚ 742.75 ਕਰੋੜ ਰੁਪਏ ਹੋ ਗਿਆ।
ਅਪ੍ਰੈਲ ਤੋਂ ਸਤੰਬਰ 2026 ਤੱਕ VAT ਅਤੇ CST ਸੰਗ੍ਰਹਿ 4,558.48 ਕਰੋੜ ਰੁਪਏ ਰਿਹਾ, ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ 3,982.43 ਕਰੋੜ ਰੁਪਏ ਸੀ। ਇਸ ਤਰ੍ਹਾਂ 576.05 ਕਰੋੜ ਰੁਪਏ ਦੇ ਵਾਧੇ ਨਾਲ 14.46 ਫੀਸਦੀ ਦੀ ਗ੍ਰੋਥ ਦਰਜ ਕੀਤੀ ਗਈ।
ਟੈਕਸ ਚੋਰੀ ਖ਼ਿਲਾਫ਼ ਕਾਰਵਾਈ, 142 ਕਰੋੜ ਰੁਪਏ ਦੇ ਜੁਰਮਾਨੇ
ਵਿੱਤ ਮੰਤਰੀ ਨੇ ਦੱਸਿਆ ਕਿ ਮਾਲੀਆ ਇਕੱਠਾ ਕਰਨ ਦੇ ਨਾਲ-ਨਾਲ ਆਬਕਾਰੀ ਅਤੇ ਕਰ ਵਿਭਾਗ ਵੱਲੋਂ ਸਤੰਬਰ ਦੌਰਾਨ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਇਨਫੋਰਸਮੈਂਟ ਅਤੇ ਟੈਕਸ ਚੋਰੀ ਵਿਰੋਧੀ ਕਾਰਵਾਈਆਂ ਵੀ ਤੇਜ਼ ਕੀਤੀਆਂ ਗਈਆਂ। ਮਹੀਨੇ ਦੌਰਾਨ ਕਰੀਬ 142 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ।
ਇਨ੍ਹਾਂ ਕਾਰਵਾਈਆਂ ਵਿੱਚ ਧੋਖਾਧੜੀ ਵਾਲੇ ਇਨਪੁਟ ਟੈਕਸ ਕ੍ਰੈਡਿਟ (ITC), ਜਾਅਲੀ ਬਿਲਿੰਗ, ਲੋੜੀਂਦੇ ਦਸਤਾਵੇਜ਼ਾਂ ਤੋਂ ਬਿਨਾਂ ਮਾਲ ਦੀ ਆਵਾਜਾਈ ਅਤੇ ਉੱਚ-ਜੋਖਮ ਵਾਲੇ ਉਦਯੋਗਿਕ ਤੇ ਵਪਾਰਕ ਖੇਤਰਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।
ਜਗਤ ਮੈਟਲਜ਼ ਮਾਮਲੇ ’ਚ 22.53 ਕਰੋੜ ਰੁਪਏ ਦੀ ਸ਼ੱਕੀ ITC
ਚੀਮਾ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੀ ਮੈਸਰਜ਼ ਜਗਤ ਮੈਟਲਜ਼ ਪ੍ਰਾਈਵੇਟ ਲਿਮਟਿਡ ਵਿਰੁੱਧ ਕੀਤੀ ਗਈ ਕਾਰਵਾਈ ਦੌਰਾਨ ਲਗਭਗ 22.53 ਕਰੋੜ ਰੁਪਏ ਦੀ ਸ਼ੱਕੀ ITC ਦੀ ਗਲਤ ਵਰਤੋਂ ਦਾ ਪਤਾ ਲੱਗਿਆ। ਕਾਰਵਾਈ ਤੋਂ ਬਾਅਦ ਟੈਕਸਦਾਤਾ ਵੱਲੋਂ 9.50 ਕਰੋੜ ਰੁਪਏ SGST ਵਜੋਂ ਨਕਦ ਜਮ੍ਹਾਂ ਕਰਵਾਏ ਗਏ।
332 ਵਾਹਨ ਹਿਰਾਸਤ ਵਿੱਚ, 5.07 ਕਰੋੜ ਰੁਪਏ ਜੁਰਮਾਨਾ ਵਸੂਲ
ਇੱਕ ਹੋਰ ਸੂਬਾ ਪੱਧਰੀ ਸੜਕ ਜਾਂਚ ਮੁਹਿੰਮ ਦੌਰਾਨ ਲੋਹੇ ਦੇ ਸਕ੍ਰੈਪ ਅਤੇ ਲੋਹੇ-ਸਟੀਲ ਦੇ ਸਮਾਨ ਦੀ ਢੋਆ-ਢੁਆਈ ਕਰ ਰਹੇ 332 ਵਾਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਨ੍ਹਾਂ ਵਾਹਨਾਂ ਵਿੱਚ ਲਿਜਾਏ ਜਾ ਰਹੇ ਸਮਾਨ ਦੀ ਕੀਮਤ 10 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ।
