ਜੀਐੱਸਟੀ 2.0 ਲਾਗੂ: ਹੁਣ ਮੁੱਖ ਤੌਰ ’ਤੇ ਦੋ ਸਲੈਬ, ਟਰੈਕਟਰ, ਘਿਓ ਅਤੇ ਦਵਾਈਆਂ ਹੋਈਆਂ ਸਸਤੀਆਂ
Read in English
ਦੇਸ਼ ਭਰ ਵਿੱਚ ਸੋਮਵਾਰ, 22 ਸਤੰਬਰ ਤੋਂ ਜੀਐੱਸਟੀ ਦੀਆਂ ਨਵੀਆਂ ਦਰਾਂ ਲਾਗੂ ਹੋ ਗਈਆਂ। ਨਰਾਤਿਆਂ ਦੇ ਪਹਿਲੇ ਦਿਨ ਤੋਂ ਲਾਗੂ ਹੋਏ ਇਸ ਬਦਲਾਅ ਨੂੰ ‘ਜੀਐੱਸਟੀ 2.0’ ਕਿਹਾ ਜਾ ਰਿਹਾ ਹੈ।
ਜੀਐੱਸਟੀ ਕੌਂਸਲ ਨੇ 3 ਸਤੰਬਰ ਦੀ ਮੀਟਿੰਗ ਵਿੱਚ ਟੈਕਸ ਢਾਂਚੇ ਨੂੰ ਸੌਖਾ ਕਰਨ ਦੀ ਮਨਜ਼ੂਰੀ ਦਿੱਤੀ ਸੀ। ਹੁਣ ਮੁੱਖ ਤੌਰ ’ਤੇ 5 ਅਤੇ 18 ਫ਼ੀਸਦੀ ਦੀਆਂ ਦੋ ਸਲੈਬਾਂ ਹਨ, ਜਦਕਿ ਤੰਬਾਕੂ, ਪਾਨ ਮਸਾਲਾ ਅਤੇ ਮਹਿੰਗੀਆਂ ਲਗਜ਼ਰੀ ਗੱਡੀਆਂ ਵਰਗੀਆਂ ਵਸਤਾਂ ’ਤੇ 40 ਫ਼ੀਸਦੀ ਦੀ ਖ਼ਾਸ ਦਰ ਲੱਗੇਗੀ।
ਕਿਸਾਨਾਂ ਲਈ ਵੱਡੀ ਰਾਹਤ ਇਹ ਹੈ ਕਿ ਟਰੈਕਟਰਾਂ ’ਤੇ ਜੀਐੱਸਟੀ 12 ਤੋਂ ਘਟਾ ਕੇ 5 ਫ਼ੀਸਦੀ ਕਰ ਦਿੱਤਾ ਗਿਆ ਹੈ। ਸਿੰਜਾਈ ਦੇ ਸਾਮਾਨ ਅਤੇ ਖੇਤੀ ਮਸ਼ੀਨਰੀ ’ਤੇ ਵੀ ਹੁਣ 5 ਫ਼ੀਸਦੀ ਟੈਕਸ ਲੱਗੇਗਾ।
ਘਿਓ, ਸੁੱਕੇ ਮੇਵੇ, ਨਮਕੀਨ, ਦਵਾਈਆਂ, ਟੁੱਥਪੇਸਟ ਅਤੇ ਸਾਈਕਲ ਵਰਗੀਆਂ ਵਸਤਾਂ 12 ਤੋਂ 5 ਫ਼ੀਸਦੀ ਵਾਲੀ ਸਲੈਬ ਵਿੱਚ ਆ ਗਈਆਂ ਹਨ। ਯੂਐੱਚਟੀ ਦੁੱਧ, ਪਨੀਰ ਅਤੇ ਰੋਟੀ-ਪਰੌਂਠੇ ਨੂੰ ਜੀਐੱਸਟੀ ਤੋਂ ਪੂਰੀ ਛੋਟ ਮਿਲ ਗਈ ਹੈ।
ਨਿੱਜੀ ਸਿਹਤ ਅਤੇ ਜੀਵਨ ਬੀਮਾ ਪਾਲਿਸੀਆਂ ਦੇ ਪ੍ਰੀਮੀਅਮ ’ਤੇ ਹੁਣ ਕੋਈ ਜੀਐੱਸਟੀ ਨਹੀਂ ਲੱਗੇਗਾ। ਛੋਟੀਆਂ ਕਾਰਾਂ ’ਤੇ ਟੈਕਸ ਵੀ 28 ਤੋਂ ਘਟ ਕੇ 18 ਫ਼ੀਸਦੀ ਹੋ ਗਿਆ ਹੈ।
