ਬਜਟ 2025: 12 ਲੱਖ ਰੁਪਏ ਤੱਕ ਦੀ ਆਮਦਨ ’ਤੇ ਕੋਈ ਟੈਕਸ ਨਹੀਂ, ਕਿਸਾਨ ਕ੍ਰੈਡਿਟ ਕਾਰਡ ਦੀ ਹੱਦ 5 ਲੱਖ
Read in English
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ, 1 ਫ਼ਰਵਰੀ ਨੂੰ ਸੰਸਦ ਵਿੱਚ 2025-26 ਦਾ ਬਜਟ ਪੇਸ਼ ਕੀਤਾ। ਮੱਧ ਵਰਗ ਲਈ ਸਭ ਤੋਂ ਵੱਡਾ ਐਲਾਨ ਇਹ ਰਿਹਾ ਕਿ ਨਵੀਂ ਟੈਕਸ ਪ੍ਰਣਾਲੀ ਵਿੱਚ 12 ਲੱਖ ਰੁਪਏ ਸਾਲਾਨਾ ਤੱਕ ਦੀ ਆਮਦਨ ’ਤੇ ਕੋਈ ਇਨਕਮ ਟੈਕਸ ਨਹੀਂ ਲੱਗੇਗਾ।
ਤਨਖ਼ਾਹਦਾਰ ਮੁਲਾਜ਼ਮਾਂ ਲਈ 75,000 ਰੁਪਏ ਦੀ ਸਟੈਂਡਰਡ ਕਟੌਤੀ ਮਿਲਾ ਕੇ ਇਹ ਹੱਦ 12.75 ਲੱਖ ਰੁਪਏ ਬਣਦੀ ਹੈ। ਹੁਣ ਤੱਕ ਨਵੀਂ ਪ੍ਰਣਾਲੀ ਵਿੱਚ ਇਹ ਛੋਟ 7 ਲੱਖ ਰੁਪਏ ਤੱਕ ਸੀ।
ਸਰਕਾਰ ਮੁਤਾਬਕ 12 ਲੱਖ ਰੁਪਏ ਆਮਦਨ ਵਾਲੇ ਟੈਕਸਦਾਤਾ ਨੂੰ 80,000 ਰੁਪਏ ਦਾ ਫ਼ਾਇਦਾ ਹੋਵੇਗਾ। ਪਰ ਕੈਪੀਟਲ ਗੇਨ ਵਰਗੀ ਖ਼ਾਸ ਆਮਦਨ ’ਤੇ ਟੈਕਸ ਪਹਿਲਾਂ ਵਾਂਗ ਲੱਗਦਾ ਰਹੇਗਾ।
ਕਿਸਾਨਾਂ ਲਈ ਕਿਸਾਨ ਕ੍ਰੈਡਿਟ ਕਾਰਡ ਰਾਹੀਂ ਸਸਤੇ ਕਰਜ਼ੇ ਦੀ ਹੱਦ 3 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਯੋਜਨਾ ਨਾਲ ਦੇਸ਼ ਭਰ ਦੇ 7.7 ਕਰੋੜ ਕਿਸਾਨ, ਮਛੇਰੇ ਅਤੇ ਡੇਅਰੀ ਕਿਸਾਨ ਜੁੜੇ ਹੋਏ ਹਨ।
ਵਿੱਤ ਮੰਤਰੀ ਨੇ ‘ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ’ ਦਾ ਵੀ ਐਲਾਨ ਕੀਤਾ। ਸੂਬਾ ਸਰਕਾਰਾਂ ਨਾਲ ਮਿਲ ਕੇ ਚੱਲਣ ਵਾਲੀ ਇਹ ਯੋਜਨਾ ਘੱਟ ਪੈਦਾਵਾਰ ਵਾਲੇ 100 ਜ਼ਿਲ੍ਹਿਆਂ ’ਤੇ ਕੇਂਦਰਿਤ ਹੋਵੇਗੀ ਅਤੇ ਇਸ ਨਾਲ 1.7 ਕਰੋੜ ਕਿਸਾਨਾਂ ਨੂੰ ਲਾਭ ਮਿਲਣ ਦੀ ਉਮੀਦ ਹੈ।
