ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ: ਨਾਬਾਲਗ ਸਣੇ 8 ਕਾਬੂ, 15 ਨਾਜਾਇਜ਼ ਪਿਸਤੌਲ ਬਰਾਮਦ

ਪੰਜਾਬ ਪੁਲਿਸ ਨੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਰਾਹੀਂ ਇੱਕ ਨਾਬਾਲਗ ਸਣੇ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 15 ਆਧੁਨਿਕ ਪਿਸਤੌਲ ਅਤੇ 15 ਜ਼ਿੰਦਾ ਕਾਰਤੂਸ ਬਰਾਮਦ ਕਰਨ ਦੇ ਨਾਲ-ਨਾਲ ਦੋ ਕਾਰਾਂ ਵੀ ਜ਼ਬਤ ਕੀਤੀਆਂ ਹਨ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਕਥਿਤ ਤੌਰ ’ਤੇ ਵਿਦੇਸ਼ੀ ਹਥਿਆਰ ਤਸਕਰਾਂ ਨਾਲ ਜੁੜੇ ਹੋਏ ਸਨ ਅਤੇ ਗੈਰ-ਕਾਨੂੰਨੀ ਹਥਿਆਰ ਖਰੀਦ ਕੇ ਅੱਗੇ ਸਪਲਾਈ ਕਰ ਰਹੇ ਸਨ। ਪੁਲਿਸ ਵੱਲੋਂ ਹਥਿਆਰਾਂ ਦੀ ਸਪਲਾਈ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਨੈੱਟਵਰਕ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ ਪਹਿਲੀ ਕਾਰਵਾਈ ਦੌਰਾਨ ਸਤਨਾਮ ਸਿੰਘ ਉਰਫ਼ ਸੁੱਖਾ ਅਤੇ ਭੱਲਾ ਸਿੰਘ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 5 ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਦੂਜੀ ਕਾਰਵਾਈ ਵਿੱਚ ਗੌਤਮ ਸਿੰਘ ਉਰਫ਼ ਬਿੱਲਾ, ਮਨਵੀਰ ਸਿੰਘ ਉਰਫ਼ ਗੁਰਵੀਰ ਸਿੰਘ ਅਤੇ ਜਸਕਰਨਦੀਪ ਸਿੰਘ ਉਰਫ਼ ਜੱਸਾ ਨੂੰ 7 ਨਾਜਾਇਜ਼ ਪਿਸਤੌਲਾਂ ਅਤੇ 10 ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੀ ਕਾਰ ਵੀ ਜ਼ਬਤ ਕੀਤੀ ਗਈ।
ਤੀਜੀ ਕਾਰਵਾਈ ਵਿੱਚ ਸਿਮਰਨਜੀਤ ਸੰਧੂ ਉਰਫ਼ ਬਿੱਲਾ ਨੂੰ ਕਾਬੂ ਕੀਤਾ ਗਿਆ। ਪੁੱਛਗਿੱਛ ਅਤੇ ਅਗਲੀ ਕਾਰਵਾਈ ਦੌਰਾਨ ਉਸ ਦੇ ਸਾਥੀ ਅਭੀ ਉਰਫ਼ ਬਾਵਾ ਅਤੇ ਇੱਕ 17 ਸਾਲਾ ਨਾਬਾਲਗ ਨੂੰ ਵੀ ਕਾਬੂ ਕੀਤਾ ਗਿਆ। ਇਨ੍ਹਾਂ ਕੋਲੋਂ 3 ਹੋਰ ਪਿਸਤੌਲ ਬਰਾਮਦ ਹੋਏ।
ਬਰਾਮਦ ਹਥਿਆਰਾਂ ਵਿੱਚ ਇਟਲੀ ਦੀਆਂ ਬਣੀਆਂ 3 .30 ਬੋਰ ਬੇਰੇਟਾ ਪਿਸਤੌਲਾਂ, ਇੱਕ .30 ਬੋਰ PX5 Storm, ਚੀਨ ਦੀ ਬਣੀ ਇੱਕ .30 ਬੋਰ ਪਿਸਤੌਲ, 8 .30 ਬੋਰ ਅਤੇ 2 .32 ਬੋਰ ਪਿਸਤੌਲ ਸ਼ਾਮਲ ਹਨ।
ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਹਨ। ਅਧਿਕਾਰੀਆਂ ਮੁਤਾਬਕ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਕਥਿਤ ਤੌਰ ’ਤੇ ਇੱਕ ਸਾਂਝੇ ਸਰੋਤ ਤੋਂ ਗੈਰ-ਕਾਨੂੰਨੀ ਹਥਿਆਰ ਪ੍ਰਾਪਤ ਕਰਕੇ ਅੱਗੇ ਸਪਲਾਈ ਕਰਦੇ ਸਨ। ਹਥਿਆਰਾਂ ਦੇ ਪੂਰੇ ਨੈੱਟਵਰਕ ਅਤੇ ਇਸ ਨਾਲ ਜੁੜੇ ਹੋਰ ਵਿਅਕਤੀਆਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
