ਅੰਮ੍ਰਿਤਸਰ 'ਚ 3 ਨਾਬਾਲਗਾਂ ਸਣੇ 7 ਕਾਬੂ, ਹੈਂਡ ਗ੍ਰਨੇਡ, ਪਿਸਤੌਲ ਤੇ 3.4 ਕਿਲੋ ਹੈਰੋਇਨ ਬਰਾਮਦ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਵੱਖ-ਵੱਖ ਕਾਰਵਾਈਆਂ ਦੌਰਾਨ ਤਿੰਨ ਨਾਬਾਲਗਾਂ ਸਣੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਕੋਲੋਂ ਇੱਕ ਹੈਂਡ ਗ੍ਰਨੇਡ, ਦੋ .30 ਬੋਰ ਪਿਸਤੌਲ, 29 ਜ਼ਿੰਦਾ ਕਾਰਤੂਸ ਅਤੇ 3.4 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਇੱਕ ਬਿਨਾਂ ਰਜਿਸਟ੍ਰੇਸ਼ਨ ਵਾਲਾ ਹੀਰੋ ਸਪਲੈਂਡਰ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਮੁਲਜ਼ਮ ਕਥਿਤ ਤੌਰ 'ਤੇ ਵਿਦੇਸ਼ੀ ਤਸਕਰਾਂ ਦੇ ਇਸ਼ਾਰੇ 'ਤੇ ਹਥਿਆਰਾਂ ਦੀ ਸਪਲਾਈ ਕਰ ਰਹੇ ਸਨ। ਪੁਲਿਸ ਵੱਲੋਂ ਇਸ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਪਹਿਲੀ ਕਾਰਵਾਈ: ਮੋਟਰਸਾਈਕਲ ਸਵਾਰ ਦੋ ਵਿਅਕਤੀ ਕਾਬੂ
ਪੁਲਿਸ ਅਨੁਸਾਰ ਪਹਿਲੀ ਕਾਰਵਾਈ ਦੌਰਾਨ ਅਜੈ (28), ਵਾਸੀ ਮੁੱਢ ਖੋਖਰ ਅਤੇ ਰੌਬਿਨ ਮਸੀਹ ਉਰਫ਼ ਨੋਨੀ (22), ਵਾਸੀ ਸੁਲਤਾਨਵਿੰਡ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਆਈਜੀਪੀ ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਜੈ ਨੇ ਕਥਿਤ ਤੌਰ 'ਤੇ ਸਰਹੱਦ ਪਾਰੋਂ ਡਰੋਨ ਰਾਹੀਂ ਭੇਜੀ ਗਈ ਹੈਰੋਇਨ ਅਤੇ ਨਾਜਾਇਜ਼ ਹਥਿਆਰਾਂ ਦੀ ਖੇਪ ਹਾਸਲ ਕੀਤੀ ਹੈ, ਜਿਸ ਨੂੰ ਅੱਗੇ ਸਪਲਾਈ ਕੀਤਾ ਜਾਣਾ ਸੀ।
ਇਸ ਸੂਚਨਾ ਦੇ ਆਧਾਰ 'ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਕੇਂਦਰੀ ਏਜੰਸੀ ਨਾਲ ਤਾਲਮੇਲ ਕਰਕੇ ਮਾਨਾਵਾਲਾ ਇਲਾਕੇ ਵਿੱਚ ਨਾਕਾਬੰਦੀ ਕੀਤੀ। ਇਸ ਦੌਰਾਨ ਮੋਟਰਸਾਈਕਲ 'ਤੇ ਜਾ ਰਹੇ ਅਜੈ ਅਤੇ ਰੌਬਿਨ ਮਸੀਹ ਨੂੰ ਕਾਬੂ ਕਰ ਲਿਆ ਗਿਆ।
ਪੁਲਿਸ ਮੁਤਾਬਕ, ਮੋਟਰਸਾਈਕਲ ਦੇ ਪਿੱਛੇ ਬੈਠੇ ਅਜੈ ਦੇ ਬੈਗ ਦੀ ਤਲਾਸ਼ੀ ਲੈਣ 'ਤੇ 3.4 ਕਿਲੋ ਹੈਰੋਇਨ, ਇੱਕ .30 ਬੋਰ ਪਿਸਤੌਲ ਅਤੇ 19 ਜ਼ਿੰਦਾ ਕਾਰਤੂਸ ਬਰਾਮਦ ਹੋਏ।
ਦੂਜੀ ਕਾਰਵਾਈ: ਤਿੰਨ ਨਾਬਾਲਗਾਂ ਸਣੇ ਪੰਜ ਗ੍ਰਿਫ਼ਤਾਰ
ਦੂਜੀ ਕਾਰਵਾਈ ਵਿੱਚ ਪੁਲਿਸ ਨੇ ਤਿੰਨ 17 ਸਾਲਾ ਨਾਬਾਲਗਾਂ ਤੋਂ ਇਲਾਵਾ ਗੁਰਲਾਲ ਸਿੰਘ (20) ਅਤੇ ਰਸ਼ਪਾਲ ਸਿੰਘ (18), ਦੋਵੇਂ ਵਾਸੀ ਲੋਪੋਕੇ, ਨੂੰ ਗ੍ਰਿਫ਼ਤਾਰ ਕੀਤਾ।
ਆਈਜੀਪੀ ਗੁਰਪ੍ਰੀਤ ਸਿੰਘ ਭੁੱਲਰ ਮੁਤਾਬਕ, ਦੁਸਹਿਰੇ ਮੌਕੇ ਗਸ਼ਤ ਕਰ ਰਹੀ ਸੀਆਈਏ ਅਤੇ ਥਾਣਾ ਲੋਪੋਕੇ ਦੇ ਐੱਸਐੱਚਓ ਦੀ ਸਾਂਝੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਸਰਹੱਦ ਪਾਰੋਂ ਤਸਕਰੀ ਨਾਲ ਜੁੜਿਆ ਇੱਕ ਵਿਅਕਤੀ ਸਥਾਨਕ ਨੌਜਵਾਨਾਂ ਰਾਹੀਂ ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਦੀ ਸਪਲਾਈ ਕਰ ਰਿਹਾ ਹੈ।
ਇਸ ਤੋਂ ਬਾਅਦ ਪੁਲਿਸ ਨੇ ਜਾਂਚ ਦੌਰਾਨ ਇਸ ਗਰੁੱਪ ਨੂੰ ਕਾਬੂ ਕੀਤਾ। ਪੁਲਿਸ ਅਨੁਸਾਰ, ਮੁਲਜ਼ਮਾਂ ਕੋਲੋਂ ਇੱਕ ਜ਼ਿੰਦਾ ਹੈਂਡ ਗ੍ਰਨੇਡ, ਇੱਕ .30 ਬੋਰ ਪਿਸਤੌਲ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਅਜੈ ਖ਼ਿਲਾਫ਼ ਪਹਿਲਾਂ ਵੀ ਦਰਜ ਹਨ ਮਾਮਲੇ
ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਅਜੈ ਖ਼ਿਲਾਫ਼ ਪਹਿਲਾਂ ਵੀ ਐਨਡੀਪੀਐੱਸ ਐਕਟ ਤਹਿਤ ਚਾਰ ਅਤੇ ਅਸਲਾ ਐਕਟ ਤਹਿਤ ਇੱਕ ਮਾਮਲਾ ਦਰਜ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਦੋ ਵੱਖ-ਵੱਖ ਐੱਫਆਈਆਰ ਦਰਜ ਕੀਤੀਆਂ ਹਨ। ਪਹਿਲੀ ਐੱਫਆਈਆਰ ਨੰਬਰ 204, ਮਿਤੀ 19 ਅਕਤੂਬਰ 2026 ਨੂੰ ਥਾਣਾ ਚਾਟੀਵਿੰਡ ਵਿੱਚ ਐਨਡੀਪੀਐੱਸ ਐਕਟ ਦੀਆਂ ਧਾਰਾਵਾਂ 21 ਅਤੇ 25 ਤਹਿਤ ਦਰਜ ਕੀਤੀ ਗਈ ਹੈ।
ਦੂਜੀ ਐੱਫਆਈਆਰ ਨੰਬਰ 334, ਮਿਤੀ 20 ਅਕਤੂਬਰ 2026 ਨੂੰ ਥਾਣਾ ਲੋਪੋਕੇ ਵਿੱਚ ਅਸਲਾ ਐਕਟ ਦੀ ਧਾਰਾ 25 ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 3, 4 ਅਤੇ 5 ਤਹਿਤ ਦਰਜ ਕੀਤੀ ਗਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਬਰਾਮਦ ਕੀਤੇ ਗਏ ਨਸ਼ੇ, ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਦੀ ਸਪਲਾਈ ਪਿੱਛੇ ਕੌਣ-ਕੌਣ ਸ਼ਾਮਲ ਹੈ।
