ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ: 10 ਕਿਲੋ ਹੈਰੋਇਨ ਤੇ 10 ਨਾਜਾਇਜ਼ ਪਿਸਤੌਲਾਂ ਸਮੇਤ 4 ਕਾਬੂ

ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਮੁਤਾਬਕ ਇਨ੍ਹਾਂ ਕੋਲੋਂ 10 ਕਿਲੋ ਹੈਰੋਇਨ ਅਤੇ 10 ਨਾਜਾਇਜ਼ ਪਿਸਤੌਲ ਬਰਾਮਦ ਕੀਤੇ ਗਏ ਹਨ।
ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਰਾਜਨਪ੍ਰੀਤ ਸਿੰਘ, ਵਿਜੇ, ਪਰਸਦੀਪ ਸਿੰਘ ਉਰਫ਼ ਬਿੱਲਾ ਅਤੇ ਗੁਰਮੁਖ ਸਿੰਘ ਉਰਫ਼ ਬੋਡੀ ਵਜੋਂ ਹੋਈ ਹੈ।
ਪੰਜਾਬ ਦੇ DGP ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਦੇ ਕਥਿਤ ਤੌਰ 'ਤੇ ਵਿਦੇਸ਼ਾਂ ਵਿੱਚ ਬੈਠੇ ਤਸਕਰਾਂ ਨਾਲ ਸਬੰਧ ਸਨ। ਪੁਲਿਸ ਇਹ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ ਕਿ ਇਸ ਪੂਰੇ ਨੈੱਟਵਰਕ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ।
IGP ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਮੁਤਾਬਕ ਪਹਿਲੀ ਕਾਰਵਾਈ ਵਿੱਚ ਘਰਿੰਡਾ ਥਾਣੇ ਦੀ ਪੁਲਿਸ ਨੇ ਰਾਜਨਪ੍ਰੀਤ ਸਿੰਘ ਅਤੇ ਵਿਜੇ ਨੂੰ ਕਾਬੂ ਕਰਕੇ 10 ਨਾਜਾਇਜ਼ ਪਿਸਤੌਲ ਬਰਾਮਦ ਕੀਤੇ।
ਦੂਜੀ ਕਾਰਵਾਈ ਵਿੱਚ ਪੁਲਿਸ ਨੇ ਪਰਸਦੀਪ ਸਿੰਘ ਉਰਫ਼ ਬਿੱਲਾ ਅਤੇ ਗੁਰਮੁਖ ਸਿੰਘ ਉਰਫ਼ ਬੋਡੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ 10 ਕਿਲੋ ਹੈਰੋਇਨ ਬਰਾਮਦ ਕੀਤੀ। ਪੁਲਿਸ ਮੁਤਾਬਕ ਪਰਸਦੀਪ 'ਤੇ ਇਲਾਕੇ ਵਿੱਚ ਨਸ਼ੇ ਦਾ ਨੈੱਟਵਰਕ ਚਲਾਉਣ ਦੇ ਦੋਸ਼ ਹਨ।
ਇਸ ਮਾਮਲੇ ਵਿੱਚ ਘਰਿੰਡਾ ਥਾਣੇ ਵਿੱਚ ਦੋ ਵੱਖ-ਵੱਖ FIR ਦਰਜ ਕੀਤੀਆਂ ਗਈਆਂ ਹਨ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
